India Punjab

ਮਗਨਰੇਗਾ ਕਾਮਿਆਂ ਨੂੰ 92 ਕਰੋੜ ਦੀ ਅਦਾਇਗੀ ਕਰਨ ਦੀ ਦਾਅਵਾ ਪੰਜਾਬ ਸਰਕਾਰ ਵੱਲੋਂ

‘ਦ ਖ਼ਾਲਸ ਬਿਊਰੋ :- ਪੰਜਾਬ ਸੂਚਨਾ ਤੇ ਲੋਕ ਸੰਪਰਕ ਵਿਭਾਗ, ਮਗਨਰੇਗਾ ਕਾਮਿਆਂ ਦੀ ਉਜਰਤ ਦੀ 92 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਕੀਤੀ ਤੇ ‘ਇੱਕ ਲੱਖ ਛੱਤੀ ਹਜ਼ਾਰ ਕਾਮਿਆਂ ਦੀ ਸੱਤ ਅਪ੍ਰੈਲ ਤੱਕ ਬਣਦੀ ਉਜਰਤ ਦਿੱਤੀ ਗਈ ‘ਫੰਡਾਂ ਦੀ ਕੋਈ ਘਾਟ ਨਹੀਂ ਤੇ ਨਾਲ ਹੀ ਮਗਨਰੇਗਾ ਕਾਮਿਆਂ ਨੂੰ ਹਰ ਪੰਦਰਾਂ ਦਿਨਾਂ ਬਾਅਦ ਹੁੰਦੀ ਰਹੇਗੀ ਅਦਾਇਗੀ। ‘ਜ਼ਿਲਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਿਤੀਆਂ ਦੇ ਮੁਲਾਜ਼ਮਾਂ ਦੀਆਂ ਬਕਾਇਆਂ ਤਨਖਾਹਾਂ ਤੇ ਪੈਨਸ਼ਨਾਂ ਵੀ ਅਦਾ ਕੀਤੀਆਂ ਜਾਣਗੀਆਂ- ਤ੍ਰਿਪਤ ਬਾਜਵਾ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਸੂਬੇ ਦੇ ਇੱਕ ਲੱਖ ਛੱਤੀ ਹਜ਼ਾਰ ਕਾਮਿਆਂ ਦੀ ਸੱਤ ਅਪ੍ਰੈਲ ਤੱਕ ਬਣਦੀ ਸਾਰੀ ਉਜਰਤ ਦੀ 92 ਕਰੋੜ ਰੁਪਏ ਦੀ ਰਾਸ਼ੀ ਕੱਲ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਹੈ ਤਾਂ ਕਿ ਇਸ ਸੰਕਟ ਦੇ ਦੌਰ ਵਿੱਚ ਉਹਨਾਂ ਨੂੰ ਆਪਣਾ ਘਰ ਚਲਾਉਣ ਵਿੱਚ ਮਦਦ ਮਿਲ ਸਕੇ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਪਿਛਲੇ ਦਿਨੀਂ ਕੀਤੇ ਯਤਨਾਂ ਸਦਕਾ ਕੇਂਦਰ ਸਰਕਾਰ ਕੋਲੋਂ ਇਸ ਸਕੀਮ ਤਹਿਤ 226 ਕਰੋੜ ਰੁਪਏ ਹਾਸਲ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਇਸ ਰਕਮ ਹਾਸਲ ਕਰਨ ਨਾਲ ਵਿਭਾਗ ਪਿਛਲੀਆਂ ਅਦਾਇਗੀਆਂ ਕਰਨ ਦੇ ਨਾਲ-ਨਾਲ ਆਉਣ ਵਾਲੇ ਚਾਰ ਮਹੀਨਿਆਂ ਵਿੱਚ ਮਗਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਕਾਮਿਆਂ ਨੂੰ ਉਹਨਾਂ ਦੀ ਉਜਰਤ ਸਮੇਂ ਸਿਰ ਕਰਨ ਦੇ ਸਮਰੱਥ ਹੋ ਗਿਆ ਹੈ।

ਸ਼੍ਰੀ ਬਾਜਵਾ ਨੇ ਕਿਹਾ ਕਿ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਹਿਦਾਇਤਾਂ ਦਿੱਤੀਆਂ ਹਨ। ਮਗਨਰੇਗਾ ਸਕੀਮ ਇਸ ਸੰਕਟ ਦੇ ਸਮੇਂ ਵਿੱਚ ਗਰੀਬ ਵਰਗ ਲਈ ਬੜੀ ਵੱਡੀ ਰਾਹਤ ਦੇ ਸਕਦੀ ਹੈ, ਇਸ ਲਈ ਇਸ ਸਕੀਮ ਤਹਿਤ ਵੱਧ ਤੋਂ ਵੱਧ ਕਾਮਿਆਂ ਨੂੰ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਵਿਭਾਗ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਮਗਨਰੇਗਾ ਕਾਮਿਆਂ ਨੂੰ ਹਰ 15 ਦਿਨਾਂ ਬਾਅਦ ਬਿਨਾਂ ਦੇਰੀ ਦੇ ਉਜਰਤ ਮਿਲਦੀ ਰਹੇ।

ਮਗਨਰੇਗਾ ਸਕੀਮ ਤਹਿਤ ਸੂਬੇ ਵਿੱਚ ਕੁਲ 28.23 ਲੱਖ ਕਾਮੇ ਰਜਿਸਟਰਡ ਹਨ ਜਿਨ੍ਹਾਂ ਨੂੰ ਸਾਲ ਵਿੱਚ ਇੱਕ ਸੌ ਦਿਨ ਦਾ ਰੁਜ਼ਗਾਰ ਮੁਹੱਈਆ ਕਰਾਇਆ ਜਾ ਸਕਦਾ ਹੈ। ਇਹਨਾਂ ਵਿਚੋਂ 28.23 ਲੱਖ ਕਾਮੇ ਇਸ ਸਕੀਮ ਵਿੱਚ ਸਰਗਰਮ ਹਨ। ਪੰਜਾਬ ਵਿੱਚ ਮਗਨਰੇਗਾ ਕਾਮਿਆਂ ਦੀ ਉਜਰਤ ਇਸ ਅਪ੍ਰੈਲ ਮਹੀਨੇ ਤੋਂ ਵੱਧ ਕੇ 263 ਰੁਪਏ ਹੋ ਗਈ ਹੈ।

ਪੰਚਾਇਤ ਮੰਤਰੀ ਨੇ ਇਹ ਵੀ ਦੱਸਿਆ ਕਿ ਵਿਭਾਗ ਨੇ ਕੱਲ ਜ਼ਿਲਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਿਤੀਆਂ ਦੇ ਮੁਲਾਜ਼ਮਾਂ ਦੀਆਂ ਪਿਛਲੇ ਸਾਲ ਅਕਤੂਬਰ ਤੋਂ ਇਸ ਸਾਲ ਦੇ ਮਾਰਚ ਮਹੀਨੇ ਤੱਕ ਦੀਆਂ ਤਨਖ਼ਾਹਾਂ  ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਿਤੀਆਂ ਦੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਫ਼ਰਵਰੀ ਅਤੇ ਮਾਰਚ ਮਹੀਨਿਆਂ ਦੀਆਂ ਬਕਾਇਆ ਪੈਨਸ਼ਨਾਂ ਵੀ ਸਡਾ ਕਰ ਦਿੱਤੀਆਂ ਗਈਆਂ ਹਨ। ਸ਼੍ਰੀ ਬਾਜਵਾ ਨੇ ਭਰੋਸਾ ਦਿੱਤਾ ਕਿ ਆਇੰਦਾ ਵੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਪੈਨਸ਼ਨਾਂ ਦੀ ਅਦਾਇਗੀ ਸਮੇਂ ਸਿਰ ਹੁੰਦੀ ਰਹੇਗੀ।

ਪੰਚਾਇਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਲੋਂ ਕੋਰੋਨਾ ਵਿਸ਼ਾਣੂ ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਮੂਹਰਲੀਆਂ ਸਫ਼ਾਂ ਵਿੱਚ ਰਹਿ ਕੇ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਵਿਭਾਗ ਵਲੋਂ ਪੇਂਡੂ ਇਲਾਕੇ ਵਿੱਚ ਚਲਾਈਆਂ ਜਾ ਰਹੀਆਂ ਸਿਹਤ ਸੰਸਥਾਵਾਂ ਦੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾ ਰਿਹਾ ਹੈ।