‘ਦ ਖ਼ਾਲਸ ਬਿਊਰੋ :- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕੋਰੋਨਾਵਾਇਰਸ ਕਾਰਨ ਜਾਰੀ ਤਾਲਾਬੰਦੀ ਦੌਰਾਨ ਏਅਰਲਾਈਨ ਕੰਪਨੀਆਂ ਨੂੰ ਟਿਕਟਾਂ ਦੀ ਬੁਕਿੰਗ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਦਕਿ ‘ਵਿਸਤਾਰਾ’ ਤੇ ‘ਏਅਰਏਸ਼ੀਆ ਇੰਡੀਆ’ ਨੇ ਸਪਸ਼ਟ ਕੀਤਾ ਹੈ ਕਿ ਬੁਕਿੰਗ ਮੁੜ ਸ਼ੁਰੂ ਕਰਨ ਬਾਰੇ ਉਨ੍ਹਾਂ ਨੂੰ ਹਾਲੇ ਤੱਕ ਸਰਕਾਰ ਤੋਂ ਕੋਈ ਨੋਟਿਸ ਨਹੀਂ ਮਿਲਿਆ ਹੈ। ਡੀਜੀਸੀਏ ਵੱਲੋਂ ਅੱਜ ਦੇਰ ਸ਼ਾਮ ਜਾਰੀ ਸਰਕੁਲਰ ਅਨੁਸਾਰ ਸਾਰੀਆਂ ਏਅਰਲਾਈਨਜ਼ ਨੂੰ ਟਿਕਟਾਂ ਦੀ ਬੁਕਿੰਗ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਟਿਕਟਾਂ ਦੀ ਦੁਬਾਰਾ ਬੁਕਿੰਗ ਸ਼ੁਰੂ ਕਰਨ ਬਾਰੇ ਉਨ੍ਹਾਂ ਢੁੱਕਵਾਂ ਸਮਾਂ ਅਤੇ ਨੋਟਿਸ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸ਼ਨਿੱਚਰਵਾਰ ਸਲਾਹ ਦਿੱਤੀ ਸੀ ਕਿ ਸਰਕਾਰ ਵੱਲੋਂ ਉਡਾਣਾਂ ਮੁੜ ਸ਼ੁਰੂ ਕਰਨ ਬਾਰੇ ਕੋਈ ਫੈਸਲਾ ਲੈਣ ਤੋਂ ਬਾਅਦ ਹੀ ਏਅਰਲਾਈਨ ਕੰਪਨੀਆਂ ਬੁਕਿੰਗ ਸ਼ੁਰੂ ਕਰਨ। ਸਾਰੀਆਂ ਭਾਰਤੀ ਏਅਰਲਾਈਨ ਕੰਪਨੀਆਂ, ਜਿਨ੍ਹਾਂ ਵਿੱਚ ਵਿਸਤਾਰਾ ਤੇ ਏਅਰ ਏਸ਼ੀਆ ਇੰਡੀਆ ਸ਼ਾਮਲ ਹਨ, ਚਾਰ ਮਈ ਤੋਂ ਚੋਣਵੀਆਂ ਉਡਾਣਾਂ ਲਈ ਬੁਕਿੰਗ ਲੈ ਰਹੀਆਂ ਹਨ। ਵਿਸਤਾਰਾ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਇਸ ਮਾਮਲੇ ’ਤੇ ਮੰਤਰਾਲੇ ਦੇ ਨੋਟਿਸ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਆਖ਼ਰੀ ਸਰਕੁਲਰ ਆਉਣ ’ਤੇ ਕੰਪਨੀ ਨੇ ਓਪਰੇਸ਼ਨ ਤੇ ਸੇਲ 3 ਮਈ ਤੱਕ ਮੁਲਤਵੀ ਕੀਤੀ ਸੀ। ਬੁਲਾਰੇ ਨੇ ਕਿਹਾ ਕਿ ਜਦ ਉਸ ਤੋਂ ਬਾਅਦ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਕੁਝ ਸਪਸ਼ਟ ਹੋਵੇਗਾ, ਕੰਪਨੀ ਚਾਰ ਮਈ ਤੋਂ ਉਸ ਮੁਤਾਬਕ ਚੱਲੇਗੀ। ਏਅਰ ਏਸ਼ੀਆ ਦੇ ਬੁਲਾਰੇ ਨੇ ਕਿਹਾ ਕਿ ਉਡਾਣਾਂ ਦੀ ਬੁਕਿੰਗ ਖੁੱਲ੍ਹੀ ਰੱਖੀ ਗਈ ਹੈ ਤਾਂ ਕਿ ਸਫ਼ਰ ਤੇ ਹੋਰ ਸਬੰਧਤ ਖ਼ਰੀਦ ਬਾਰੇ ਅਗਾਊਂ ਫੈਸਲੇ ਲਏ ਜਾ ਸਕਣ। ਇਸ ਨਾਲ ਟਿਕਟਾਂ ਸਸਤੀਆਂ ਮਿਲ ਸਕਣਗੀਆਂ।