‘ਦ ਖ਼ਾਲਸ ਬਿਊਰੋ :- ਭਾਰਤੀ ਮੈਡੀਕਲ ਖੋਜ ਕੌਂਸਲ ਨੇ ਅੱਜ ਸੂਬਿਆਂ ਨੂੰ ਕੋਵਿਡ-19 ਲਈ ਵਰਤੀਆਂ ਜਾ ਰਹੀਆਂ ਰੈਪਿਡ ਟੈਸਟਿੰਗ ਕਿੱਟਾਂ ਦੀ ਵਰਤੋਂ ਰੋਕਣ ਲਈ ਕਿਹਾ ਹੈ। ਕੌਂਸਲ ਮੁਤਾਬਕ ਇਨ੍ਹਾਂ ਦੀ ਵਰਤੋਂ ਘੱਟੋ-ਘੱਟ ਦੋ ਦਿਨ ਲਈ ਰੋਕ ਦਿੱਤੀ ਜਾਵੇ ਕਿਉਂਕਿ ਕਿੱਟਾਂ ਗਲਤ ਨਤੀਜੇ ਦੇ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆ ਕੌਂਸਲ ਦੇ ਮੁੱਖ ਵਿਗਿਆਨੀ ਡਾ. ਰਮਨ ਗੰਗਾਖੇਡਕਰ ਨੇ ਕਿਹਾ ਕਿ ਇੱਕ ਸੂਬੇ ਤੋਂ ਸ਼ਿਕਾਇਤ ਮਿਲੀ ਹੈ। ਇਸ ਲਈ 2 ਹੋਰ ਸੂਬਿਆਂ ਨੂੰ ਪੁੱਛਿਆ ਗਿਆ ਹੈ ਕਿ ਕੀ ਉੱਥੇ ਵੀ ਇਹੀ ਮੁਸ਼ਕਲ ਆ ਰਹੀ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਬਜ਼ੂਰਗਾਂ ਦੇ ਸਹਾਇਕਾਂ ਤੇ ਪ੍ਰੀ-ਪੇਡ ਮੋਬਾਈਲ ਕੁਨੈਕਸ਼ਨ ਲਈ ਰਿਚਾਰਜ ਸੇਵਾਵਾਂ ਨੂੰ ਲਾਕਡਾਊਨ ਦੌਰਾਨ ਹੁਣ ਛੋਟ ਹੋਵੇਗੀ। ਜਦਕਿ ਸ਼ਹਿਰੀ ਖੇਤਰਾਂ ਦੀਆਂ ਬ੍ਰੈੱਡ ਫੈਕਟਰੀਆਂ ਤੇ ਆਟਾ ਮਿੱਲਾਂ ਵੀ ਤਾਲਾਬੰਦੀ ਦੌਰਾਨ ਕੰਮ ਕਰ ਸਕਦੀਆਂ ਹਨ।

ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਦੇ ਦੁੱਧ ਪ੍ਰੋਸੈਸਿੰਗ ਪਲਾਂਟ, ਦਾਲ ਮਿੱਲਾਂ ਵੀ ਇਸ ਦੌਰਾਣ ਚੱਲਣੀਆਂ। ਹਾਲਾਂਕਿ ਮੰਤਰਾਲੇ ਨੇ ਇੱਕ-ਦੂਜੇ ਤੋਂ ਫਾਸਲਾ ਸਖ਼ਤੀ ਨਾਲ ਯਕੀਨੀ ਬਣਾਉਣ ਲਈ ਕਿਹਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਦੇ ਡਾ. ਰਮਨ ਨੇ ਕਿਹਾ ਕਿ ‘ਆਰਟੀਪੀਸੀਆਰ ਨਾਲ ਕੀਤੇ ਟੈਸਟ ‘ਚ ਜਿਹੜੇ ਨਤੀਜੇ ਪਾਜੀਟਿਵ ਪਾਏ ਗਏ ਹਨ, ਉਨ੍ਹਾਂ ‘ਚ ਬਹੁਤ ਫ਼ਰਕ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਬਾਅਦ ਕੌਂਸਲ ਇਸ ਬਾਰੇ ਕੋਈ ਐਡਵਾਈਜ਼ਰੀ ਜਾਰੀ ਕਰੇਗੀ। ਵਿਗਿਆਨੀ ਨੇ ਕਿਹਾ ਕਿ ਕਿੱਟਾਂ ਨੂੰ ਫੀਲਡ ਟੀਮਾਂ ਟੈਸਟ ਅਤੇ ਪਾਸ ਕਰਨਗੀਆਂ ਨਾ ਕਿ ਲੈਬਾਂ ਤੇ ਇਹ ਨਵਾਂ ਕੋਰੋਨਾਵਾਇਰਸ ਹੈ, ਇਸ ਲਈ ਕਿੱਟਾਂ ‘ਚ ਵੀ ਸੋਧ ਦੀ ਲੋੜ ਹੈ। ਕੌਂਸਲ ਆਪਣੀਆਂ ਅੱਠ ਸੰਸਥਾਵਾਂ ਦੀਆਂ ਟੀਮਾਂ ਫੀਲਡ ਵਿੱਚ ਭੇਜੇਗੀ। ਜੇਕਰ ਕੋਈ ਫ਼ਰਕ ਪਾਇਆ ਗਿਆ ਤਾਂ ਇਸ ਬੈਚ ਦੀਆਂ ਕਿੱਟਾਂ ਨੂੰ ਵਾਪਸ ਕੰਪਨੀ ਕੋਲ ਬਦਲਾਉਣ ਲਈ ਭੇਜ ਦਿੱਤਾ ਜਾਵੇਗਾ। ਰਾਜਸਥਾਨ ਨੇ ਚੀਨ ਦੀਆਂ ਬਣੀਆਂ ਇਨ੍ਹਾਂ ਕਿੱਟਾਂ ਦੀ ਵਰਤੋਂ ਪਹਿਲਾਂ ਹੀ ਰੋਕ ਦਿੱਤੀ ਸੀ ਕਿਉਂਕਿ ਜ਼ਿਆਦਾਤਰ ਟੈਸਟ ਦਰੁਸਤ ਨਹੀਂ ਸਨ। ਸੂਬੇ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਕਿੱਟਾਂ ਸਿਰਫ਼ 5.4 ਫ਼ੀਸਦ ਨਤੀਜੇ ਸਹੀ ਦੇ ਰਹੀਆਂ ਹਨ ਜਦਕਿ ਇਹ ਫ਼ੀਸਦ 90 ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਰਾਜ ਨੇ ਇਸ ਬਾਰੇ ਭਾਰਤੀ ਮੈਡੀਕਲ ਖੋਜ ਕੌਂਸਲ ਨੂੰ ਜਾਣੂ ਕਰਵਾਇਆ।