‘ਦ ਖ਼ਾਲਸ ਬਿਊਰੋ :- ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਲਾਕਡਾਊਨ ਦੀ ਪਾਲਣਾ ਸਖ਼ਤੀ ਨਾਲ ਯਕੀਨੀ ਬਣਾਏ ਜਾਣ ਕਾਰਨ ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ ‘ਚ ਤੇਜੀ ਨਾਲ ਘਟ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 4 ਘੰਟਿਆਂ ਅੰਦਰ ਦੇਸ਼ ‘ਚ ਕੋਰੋਨਾ ਵਾਇਰਸ ਦੇ 1540 ਨਵੇਂ ਸਾਹਮਣੇ ਆਏ ਹਨ ਜਦਕਿ 40 ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ 17,656 ਹੋ ਗਈ ਹੈ ਜਦਕਿ 559 ਵਿਅਕਤੀਆਂ ਦੀ ਮੌਤ ਹੋਈ ਹੈ। ਹੁਣ ਤੱਕ 2842 ਕੋਰੋਨਾ ਪੀੜਤ ਠੀਕ ਵੀ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਨੂੰ ਕੋਰੋਨਾ ਖਿਲਾਫ਼ ਮੁਹਿੰਮ ‘ਚ ਸਕਾਰਾਤਮਕ ਸੰਕੇਤ ਦਸਦਿਆਂ ਕਿਹਾ ਕਿ 25 ਮਾਰਚ ਨੂੰ ਲਾਗਡਾਊਨ ਹੋਣ ਤੋਂ ਪਹਿਲਾਂ ਕੌਮੀ ਪੱਧਰ ‘ਤੇ ਮਰੀਜ਼ਾਂ ਦੀ ਗਿਣਤੀ 3.4 ਦਿਨ ‘ਚ ਦੁੱਗਣੀ ਹੋ ਰਹੀ ਸੀ ਪਰ ਹੁਣ 19 ਅਪ੍ਰੈਲ ਤੱਕ ਸਮੀਖਿਆ ਦੇ ਆਧਾਰ ‘ਤੇ ਇਹ ਦਰ 7.5 ਦਿਨ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੰਕੜਿਆਂ ਅਨੁਸਾਰ 19 ਅਪ੍ਰੈਲ ਤੱਕ 18 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ ਜਿੱਥੇ ਕੋਰੇਨਾ ਪੀੜਤਾਂ ਦੀ ਗਿਣਤੀ ਦੁੱਗਣੀ ਹੋਣ ਦੇ ਮਾਮਲੇ ਕੌਮੀ ਔਸਤ ਤੋਂ ਵੀ ਅੱਗੇ ਹੈ। ਉਨ੍ਹਾਂ ਇਸ ਨੂੰ ਮਹਾਂਮਾਰੀ ਫੈਲਣ ਦੀ ਗਤੀ ਘਟਣ ਦਾ ਸਪੱਸ਼ਟ ਸੰਕੇਤ ਦਿੰਦਿਆਂ ਕਿਹਾ ਕਿ 20 ਦਿਨਾਂ ਅੰਦਰ ਜਿਨ੍ਹਾ ਸੂਬਿਆਂ ‘ਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ ਉਨ੍ਹਾਂ ‘ਚ ਦਿੱਲੀ ( 8.5 ਦਿਨ ), ਕਰਨਾਟਕ (9.2), ਤਿਲੰਗਾਨਾ (9.4), ਆਂਧਰਾ ਪ੍ਰਦੇਸ਼ (10.6), ਜੰਮੂ ਕਸ਼ਮੀਰ (11.5), ਪੰਜਾਬ (13.1) ਛੱਤੀਸਗੜ੍ਹ (13.3), ਤਾਮਿਲ ਨਾਡੂ (14) ਅਤੇ ਬਿਹਾਰ (16.4) ਸ਼ਾਮਲ ਹਨ। ਜਿਨ੍ਹਾਂ ਸੂਬਿਆਂ ‘ਚ ਮਰੀਜ਼ਾਂ ਦੀ ਗਿਣਤੀ 20 ਤੋਂ 30 ਦਿਨਾਂ ਅੰਦਰ ਦੱਗਣੀ ਹੋ ਰਹੀ ਹੈ ਉਨ੍ਹਾਂ ਅੰਡਮਾਨ ਨਿਕੋਬਾਰ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਅਸਾਮ, ਉੱਤਰਾਖੰਡ ਤੇ ਲੱਦਾਖ ਸ਼ਾਮਲ ਹਨ। ਮਰੀਜਾਂ ਦੀ ਗਿਣਤੀ ਦੱਗਣੀ ਹੋਣ ਦੀ ਦਰ ਉੜੀਸਾ ‘ਚ 39.8 ਤੇ ਕੇਰਲਾ ‘ਚ 72.2 ਦਿਨ ਤੱਕ ਪਹੁੰਚ ਗਈ ਹੈ।