India

ਭਾਰਤ ਵਿੱਚ ਓਮੀਕਰੋਨ ਦੇ 23 ਮਾਮਲੇ ਆਏ ਸਾਹਮਣੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਸਿਹਤ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਸੰਸਦੀ ਕਮੇਟੀ ਨੂੰ ਸੂਚਿਤ ਕੀਤਾ ਕਿ ਕੋਵਿਡ -19 ਦੇ ਓਮੀਕਰੋਨ ਵੇਰੀਐਂਟ ਦੇ 23 ਮਾਮਲੇ ਆਏ ਹਨ ਅਤੇ ਅਧਿਕਾਰੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਸੂਤਰਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਕਮੇਟੀ ਨੂੰ ਦੱਸਿਆ ਕਿ ਓਮੀਕਰੋਨ ਦੇ ਸਭ ਤੋਂ ਵੱਧ 10 ਮਾਮਲੇ ਮਹਾਰਾਸ਼ਟਰ ਵਿੱਚ ਪਾਏ ਗਏ ਹਨ, ਇਸ ਤੋਂ ਬਾਅਦ ਰਾਜਸਥਾਨ ਵਿੱਚ ਨੌਂ ਮਾਮਲੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ‘ਤੇ ਓਮੀਕਰੋਨ ਦੇ 2,303 ਮਾਮਲੇ ਹਨ।

ਸਿਹਤ ਸਕੱਤਰ, ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਅਤੇ ਮੰਤਰਾਲੇ ਦੇ ਹੋਰ ਉੱਚ ਅਧਿਕਾਰੀਆਂ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਰਾਮ ਗੋਪਾਲ ਯਾਦਵ ਦੀ ਪ੍ਰਧਾਨਗੀ ਵਾਲੀ ਸਿਹਤ ਬਾਰੇ ਸੰਸਦੀ ਸਥਾਈ ਕਮੇਟੀ ਨੂੰ “ਕੋਵਿਡ -19 ਦੇ ਓਮੀਕਰੋਨ ਵੇਰੀਐਂਟ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ” ਦੇ ਮੁੱਦੇ ‘ਤੇ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਐਂਟੀ-ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਦੇ ਸਵਾਲ ‘ਤੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਤੀਜੀ ਖੁਰਾਕ ਲਈ ਜਾ ਸਕਦੀ ਹੈ, ਪਰ ਦੂਜੀ ਖੁਰਾਕ ਦੇ ਨੌਂ ਮਹੀਨਿਆਂ ਬਾਅਦ ਹੀ।