India Punjab

ਭਾਰਤ ਲਾਕਡਾਊਨ ਬਾਰੇ ਵੱਡੀ ਖ਼ਬਰ

‘ਦ ਖਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 14 ਅਪਰੈਲ ਨੂੰ ਮੁਲਕ ’ਚ ਲਾਕਡਾਊਨ ਪੂਰੀ ਤਰ੍ਹਾਂ ਨਾਲ ਨਹੀਂ ਖੋਲ੍ਹਿਆ ਜਾਵੇਗਾ। ਬੀਜੂ ਜਨਤਾ ਦਲ (ਬੀਜੇਡੀ) ਦੇ ਆਗੂ ਪਿਨਾਕੀ ਮਿਸ਼ਰਾ ਨੇ ਇਹ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਸੰਸਦ ਦੇ ਦੋਵੇਂ ਸਦਨਾਂ ’ਚ ਵਿਰੋਧੀ ਧਿਰ ਅਤੇ ਹੋਰ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਬੈਠਕ ’ਚ ਸ਼ਿਰਕਤ ਕੀਤੀ। ਸ਼੍ਰੀ ਮੋਦੀ ਦੀ ਇਹ ਟਿੱਪਣੀ ਇਨ੍ਹਾਂ ਨਾਲ ਆਗੂਆਂ ਨਾਲ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਅਤੇ ਸਰਕਾਰ ਵੱਲੋਂ ਇਸ ਨਾਲ ਸਿੱਝਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਵਿਚਾਰ-ਵਟਾਂਦਰਾ ਕਰਨ ਸਮੇਂ ਸਾਹਮਣੇ ਆਈ।

ਬੀਜੇਡੀ ਆਗੂ ਪਿਨਾਕੀ ਮਿਸ਼ਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਲਾਕਡਾਊਨ ਹਟਾਇਆ ਨਹੀਂ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਕਿ ਕਰੋਨਾ ਤੋਂ ਪਹਿਲਾਂ ਅਤੇ ਬਾਅਦ ਦੀ ਜ਼ਿੰਦਗੀ ’ਚ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਇਕ ਹੋਰ ਆਗੂ, ਜਿਸ ਨੇ ਬੈਠਕ ’ਚ ਸ਼ਮੂਲੀਅਤ ਕੀਤੀ ਪਰ ਨਾਮ ਦੱਸਣ ਤੋਂ ਗੁਰੇਜ਼ ਕੀਤਾ, ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਤਾਬਕ ਉਹ ਮੁੱਖ ਮੰਤਰੀਆਂ ਨਾਲ ਵੀ ਵਿਚਾਰ-ਵਟਾਂਦਰਾ ਕਰਨਗੇ।

ਸ਼੍ਰੀ ਮੋਦੀ ਨੇ ਕਿਹਾ ਕਿ ਮੁਲਕ ’ਚ ਹਾਲਾਤ ‘ਸਮਾਜਿਕ ਐਮਰਜੈਂਸੀ’ ਵਰਗੇ ਹਨ ਅਤੇ ਉਨ੍ਹਾਂ ਨੂੰ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਹਰ ਕਿਸੇ ਦੀ ਜਾਨ ਬਚਾਉਣਾ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਆਗੂਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਬੈਠਕ ’ਚ ਗੁਲਾਮ ਨਬੀ ਆਜ਼ਾਦ (ਕਾਂਗਰਸ), ਸ਼ਰਦ ਪਵਾਰ (ਐੱਨਸੀਪੀ), ਰਾਮ ਗੋਪਾਲ ਯਾਦਵ (ਸਮਾਜਵਾਦੀ ਪਾਰਟੀ), ਸਤੀਸ਼ ਮਿਸ਼ਰਾ (ਬਸਪਾ), ਚਿਰਾਗ ਪਾਸਵਾਨ (ਲੋਕ ਜਨਸ਼ਕਤੀ ਪਾਰਟੀ), ਟੀ ਆਰ ਬਾਲੂ (ਡੀਐੱਮਕੇ), ਸੁਖਬੀਰ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ), ਰਾਜੀਵ ਰੰਜਨ ਸਿੰਘ (ਜਨਤਾ ਦਲ-ਯੂਨਾਈਟਿਡ), ਪਿਨਾਕੀ ਮਿਸ਼ਰਾ (ਬੀਜੂ ਜਨਤਾ ਦਲ) ਅਤੇ ਸੰਜੈ ਰਾਊਤ (ਸ਼ਿਵ ਸੈਨਾ) ਨੇ ਹਿੱਸਾ ਲਿਆ। ਤ੍ਰਿਣਮੂਲ ਕਾਂਗਰਸ ਨੇ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਸੱਦੀ ਇਸ ਬੈਠਕ ’ਚ ਸ਼ਮੂਲੀਅਤ ਕਰਨ ਤੋਂ ਇਨਕਾਰ ਕੀਤਾ ਸੀ ਪਰ ਅੱਜ ਉਸ ਦੇ ਆਗੂ ਸੁਦੀਪ ਬੰਦੋਪਾਧਿਆਏ ਨੇ ਇਸ ’ਚ ਸ਼ਿਰਕਤ ਕੀਤੀ।

ਸੂਤਰਾਂ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਪੈਦਾ ਹੋਏ ਹਾਲਾਤ ਅਤੇ ਕੋਵਿਡ-19 ਨਾਲ ਸਿੱਝਣ ਬਾਰੇ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਬਾਰੇ ਇਨ੍ਹਾਂ ਆਗੂਆਂ ਨੂੰ ਸਿਹਤ, ਗ੍ਰਹਿ ਅਤੇ ਪੇਂਡੂ ਵਿਕਾਸ ਦੇ ਸਕੱਤਰਾਂ ਵੱਲੋਂ ਜਾਣਕਾਰੀ ਦਿੱਤੀ ਗਈ। ਵਿਰੋਧੀ ਧਿਰ ਦੇ ਕਈ ਆਗੂਆਂ ਨੇ ਸਿਹਤ ਵਰਕਰਾਂ ਲਈ ਨਿੱਜੀ ਸੁਰੱਖਿਆ ਸਾਜ਼ੋ-ਸਾਮਾਨ (ਪੀਪੀਈ) ਦੀ ਕਮੀ ਦਾ ਮੁੱਦਾ ਉਠਾਇਆ। ਸੂਤਰ ਨੇ ਕਿਹਾ ਕਿ ਕੁੱਝ ਆਗੂਆਂ ਨੇ ਸੰਸਦ ਦੀ ਨਵੀਂ ਇਮਾਰਤ ਦੀ ਉਸਾਰੀ ਨੂੰ ਰੋਕਣ ਦਾ ਸੁਝਾਅ ਵੀ ਦਿੱਤਾ।

ਬੈਠਕ ਉਸ ਸਮੇਂ ਹੋਈ ਹੈ ਜਦੋਂ ਸੰਕੇਤ ਦਿੱਤੇ ਜਾ ਰਹੇ ਹਨ ਕਿ ਕੇਂਦਰ ਸਰਕਾਰ ਮੁਲਕ ’ਚ 14 ਅਪਰੈਲ ਤੋਂ ਬਾਅਦ ਲੌਕਡਾਊਨ ਦਾ ਸਮਾਂ ਵਧਾ ਸਕਦੀ ਹੈ। ਕਈ ਸੂਬਿਆਂ ਨੇ ਤੇਜ਼ੀ ਨਾਲ ਫੈਲ ਰਹੇ ਵਾਇਰਸ ’ਤੇ ਕਾਬੂ ਪਾਉਣ ਲਈ ਲੌਕਡਾਊਨ ਵਧਾਉਣ ਦਾ ਪੱਖ ਪੂਰਿਆ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਪਾਰਟੀਆਂ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਕੀਤਾ ਜਿਨ੍ਹਾਂ ਦੇ ਲੋਕ ਸਭਾ ਅਤੇ ਰਾਜ ਸਭਾ ’ਚ ਕੁੱਲ ਮਿਲਾ ਕੇ ਪੰਜ ਤੋਂ ਜ਼ਿਆਦਾ ਮੈਂਬਰ ਹਨ। ਲੌਕਡਾਊਨ 25 ਮਾਰਚ ਨੂੰ ਲਾਗੂ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਦੀ ਸੰਸਦ ਦੇ ਦੋਵੇਂ ਸਦਨਾਂ ’ਚ ਪਾਰਟੀਆਂ ਦੇ ਨੇਤਾਵਾਂ ਨਾਲ ਇਹ ਪਹਿਲੀ ਗੱਲਬਾਤ ਸੀ। ਇਸ ਤੋਂ ਪਹਿਲਾਂ ਉਹ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀ ਵਿਚਾਰ ਵਟਾਦਰਾ ਕਰ ਚੁੱਕੇ ਹਨ। ਦੋ ਕੁ ਦਿਨ ਪਹਿਲਾਂ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਟੀਐੱਮਸੀ ਮੁਖੀ ਮਮਤਾ ਬੈਨਰਜੀ, ਡੀਐੱਮਕੇ ਦੇ ਐੱਮ ਕੇ ਸਟਾਲਿਨ, ਸਾਬਕਾ ਰਾਸ਼ਟਰਪਤੀਆਂ ਪ੍ਰਤਿਭਾ ਪਾਟਿਲ ਤੇ ਪ੍ਰਣਬ ਮੁਖਰਜੀ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਐੱਚ ਡੀ ਦੇਵਗੌੜਾ ਅਤੇ ਮਨਮੋਹਨ ਸਿੰਘ ਨਾਲ ਵੀ ਗੱਲਬਾਤ ਕੀਤੀ ਸੀ।