ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਵਿਅਕਤੀ ਨੂੰ ਕੋਰੋਨਾਵਾਇਰਸ ਨਾਲ ਪੀੜ੍ਹਤ ਪਾਇਆ ਗਿਆ ਹੈ। ਇਸ ਵਿਅਕਤੀ ਨੇ ਪਾਜੀਟਿਵ ਪਾਏ ਜਾਣ ਤੋਂ ਪਹਿਲਾਂ ਸੈਕਟਰ-15 ਦੇ ਇੱਕ ਕਮਿਊਨਿਟੀ ਕਲੱਬ ਵਿੱਚ ਆਪਣੇ ਬੱਚੇ ਦੀ ਜਨਮ ਦਿਨ ਦੀ ਪਾਰਟੀ ਦਿੱਤੀ ਸੀ। ਇਸ ਪਾਰਟੀ ਵਿੱਚ ਸਕੂਲ ‘ਚ ਪੜ੍ਹਨ ਵਾਲੇ ਕੁੱਝ ਬੱਚੇ ਵੀ ਆਪਣੇ ਮਾਪਿਆਂ ਨਾਲ ਸ਼ਾਮਿਲ ਹੋਏ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਪਿਆਂ ਤੋਂ ਲੈ ਕੇ ਸਕੂਲ ਪ੍ਰਸ਼ਾਸਨ ਤੱਕ ਤਰਥੱਲੀ ਮੱਚ ਗਈ ਹੈ। ਮਾਪਿਆਂ ਅਤੇ ਬੱਚਿਆਂ ਨੂੰ ਵੱਖ-ਵੱਖ ਰੱਖਿਆ ਗਿਆ ਹੈ। ਸਾਵਧਾਨੀ ਵਜੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਸੋਮਵਾਰ ਨੂੰ ਇਟਲੀ ਤੋਂ ਪਰਤੇ ਇੱਕ ਵਿਅਕਤੀ ‘ਚ ਕੋਰੋਨਾਵਾਇਰਸ ਪਾਏ ਜਾਣ ਦੀ ਪੁਸ਼ਟੀ ਹੋਈ ਸੀ। ਮਾਮਲੇ ‘ਚ ਸਕੂਲ ਵੱਲੋਂ ਸਿਹਤ ਮੰਤਰਾਲੇ ਨੂੰ ਇੱਕ ਚਿੱਠੀ ਭੇਜੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਇਸ ਜਨਮ ਦਿਨ ਪਾਰਟੀ ‘ਚ ਕਈ ਬੱਚੇ ਆਪਣੇ ਮਾਪਿਆਂ ਨਾਲ ਸ਼ਾਮਿਲ ਹੋਏ ਸਨ। ਇਨ੍ਹਾਂ ਵਿੱਚੋਂ ਕਈ ਬੱਚਿਆਂ ਨੂੰ ਵੱਖ ਰੱਖਿਆ ਗਿਆ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਨਾਲ ਲੱਗਦੇ ਨੋਇਡਾ ਦੇ ਇਸ ਪ੍ਰਾਈਵੇਟ ਸਕੂਲ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਬੱਚੇ ਨੇ ਆਪਣੀ ਕਲਾਸ ‘ਚ ਪੜ੍ਹਨ ਵਾਲੇ 5 ਬੱਚਿਆਂ ਨੂੰ ਪਰਿਵਾਰ ਸਮੇਤ ਪਾਰਟੀ ‘ਚ ਬੁਲਾਇਆ ਸੀ। ਖ਼ਬਰ ਮਿਲਦੇ ਹੀ ਸਿਹਤ ਵਿਭਾਗ ਦੀ ਇੱਕ ਟੀਮ ਸਕੂਲ ਪਹੁੰਚੀ ਹੈ। ਦੋ ਬੱਚਿਆਂ ਦੇ ਸੈਂਪਲ ਜਾਂਚ ਲਈ ਲੈਬ ‘ਚ ਭੇਜ ਦਿੱਤੇ ਗਏ ਹਨ। ਜਨਮ ਦਿਨ ਪਾਰਟੀ ‘ਚ ਕੁਲ 25 ਲੋਕ ਸ਼ਾਮਿਲ ਸਨ। ਇਨ੍ਹਾਂ ਸਾਰਿਆਂ ਦੇ ਸੈਂਪਲ ਲਏ ਗਏ ਹਨ।
ਜਨਮ ਦਿਨ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਵਿੱਚੋਂ ਦੋ ਪਰਿਵਾਰ ਨੋਇਡਾ ਦੇ ਹਨ। ਅਜੇ ਤੱਕ ਇਨ੍ਹਾਂ ਦੇ ਸੈਂਪਲਾਂ ਦੀ ਰਿਪੋਰਟ ਨਹੀਂ ਆਈ ਹੈ। ਜਾਣਕਾਰੀ ਮੁਤਾਬਿਕ ਬੱਚੇ ਦਾ ਪਿਓ ਇਟਲੀ ਤੋਂ ਆਇਆ ਸੀ ਅਤੇ ਇਸ ਸਮੇਂ ਉਸ ਦਾ ਇਲਾਜ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਚੱਲ ਰਿਹਾ ਹੈ। ਕੋਰੋਨਾ ਵਾਇਰਸ ਗੁਆਂਢੀ ਦੇਸ਼ ਚੀਨ ਸਮੇਤ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਸ ਨਾਲ ਹੁਣ ਤੱਕ ਮੌਤਾਂ ਦੀ ਗਿਣਤੀ ਵੱਧ ਕੇ 3,125 ਹੋ ਗਈ ਹੈ। ਪੀੜਤ ਮਰੀਜ਼ਾਂ ਦੀ ਗਿਣਤੀ 90,930 ‘ਤੇ ਪਹੁੰਚ ਗਈ ਹੈ।