ਚੰਡੀਗੜ੍ਹ-(ਕਮਲਪ੍ਰੀਤ ਕੌਰ)  ਪਿਛਲੇ ਦਿਨੀ ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਕੈਪਟਨ ਸਰਕਾਰ ਅੱਖਾਂ ਖੁੱਲ ਗਈਆਂ ਹਨ। ਹੁਣ ਪੰਜਾਬ ਭਰ ਵਿੱਚ ਨਿੱਜੀ ਸਕੂਲ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਹੁਣ ਤਕ 100 ਤੋਂ ਵੱਧ ਵਾਹਨਾਂ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ। ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਸਮਾਣਾ, ਪਠਾਨਕੋਟ ਤੋਂ ਇਲਾਵਾਂ ਨਾਭਾ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਕੂਲ ਵੈਨਾਂ ਚਲਾਉਣ ਵਾਲੇ ਡਰਾਇਵਰਾਂ ਨੂੰ ਪੁਲਿਸ ਨੇ ਸਖਤ ਹਦਾਇਤਾਂ ਕੀਤੀਆਂ ਹਨ। ਉਲੰਘਣਾ ਕਰਨ ਵਾਲਿਆਂ ਦੇ ਤੁਰੰਤ ਚਲਾਨ ਕੱਟੇ ਜਾਣਗੇ।

ਅੰਮ੍ਰਿਤਸਰ ਵਿੱਚ ਬੱਚੇ ਅਜੇ ਵੀ ਸੁਰੱਖਿਅਤ ਨਹੀਂ ਹਨ ਕਿਉਕਿ ਅਜੇ ਵੀ ਆਟੋ ਰਿਕਸ਼ੇ ਬੱਚਿਆਂ ਨਾਲ ਸਮਰੱਥਾ ਤੋਂ ਵੱਧ ਭਰੇ ਦਿਖਾਈ ਦਿੰਦੇ ਹਨ। ਪਿਛਲੇ ਸ਼ਨਿੱਚਰਵਾਰ ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ 4 ਨੰਨੀਆਂ ਜਾਨਾਂ ਸੜ ਕੇ ਸੁਆਹ ਹੋ ਗਈਆਂ ਸਨ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵਾਹਨਾਂ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ।