India

ਬੇਰੁਜ਼ਗਾਰੀ ਦਾ ਸੰਤਾਪ,ਪੋਲੀਟੀਕਲ ਸਾਇੰਸ ਦੀ ਉੱਚ ਪੜ੍ਹਾਈ ਕਰਕੇ ਨੌਜਵਾਨ ਨੇ ਵੇਖੋ ਕੀ ਕੀਤਾ

ਚੰਡੀਗੜ੍ਹ- (ਹਰਪ੍ਰੀਤ ਮੇਹਾਮੀ)  ਜਲਾਲਾਬਾਦ ਹਲਕੇ ਅੰਦਰ ਬਲੈਕਮੇਲਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਕਿਡਨੈਪਰ ਜਿਸ ਫਰਮ ਕੋਲ ਪਿਛਲੇ ਪੰਜ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ ਉਸੇ ਹੀ ਫਰਮ ਨੂੰ ਫੋਨ ਕਰਕੇ 7 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰੌਤੀ ਨਾ ਮਿਲਣ ਤੇ ਮਾਲਕ ਦੇ ਇਕਲੌਤੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਸਾਰੇ ਘਟਨਾ ਕ੍ਰਮ ਨੂੰ ਇਕ ਇਕੱਲੇ ਨੌਜਵਾਨ ਨੇ ਹੀ ਅੰਜਾਮ ਦਿੱਤਾ ਹੈ ਇਹ ਨੌਜਵਾਨ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਮਾਹਮੂ ਜੋਈਆ ਦਾ ਰਹਿਣ ਵਾਲਾ ਹੈ। ਜਿਸ ਨੇ ਐਮਏ ਪੋਲੀਟੀਕਲ ਸਾਇੰਸ ਕੀਤੀ ਹੋਈ ਹੈ।

ਪਰ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਫੋਨ ‘ਤੇ ਧਮਕੀਆਂ ਤੇ ਪੈਸੇ ਮੰਗਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਕਾਬੂ ਕੀਤਾ ਵਿਅਕਤੀ ਹਰੀਸ਼ ਕੁਮਾਰ ਪੁੱਤਰ ਗੁਰਮੁਖ ਚੰਦ ਵਾਸੀ ਮਾਹਮੂਜੋਈਆ ਥਾਣਾ ਅਮੀਰ ਖਾਸ ਦਾ ਵਾਸੀ ਹੈ ਜਿਸ ਖਿਲਾਫ ਧਾਰਾ 384,387 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਐੱਸ.ਐੱਚ.ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ.ਚੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ‘ਤੇ ਸਨ ਕਿ ਭਗਵਾਨ ਪਰਸ਼ੂਰਾਮ ਚੌਂਕ ਨਜ਼ਦੀਕ ਦੀਪਕ ਕੁਮਾਰ ਪੁੱਤਰ ਰਮੇਸ਼ ਵਾਸੀ ਰਾਮ ਲੀਲਾ ਚੌਂਕ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਪਿਤਾ ਰਮੇਸ਼ ਕੁਮਾਰ ਪੁੱਤਰ ਬੱਗੂ ਰਾਮ ਦੇ ਮੋਬਾਇਲ ‘ਤੇ ਲਗਾਤਾਰ ਧਮਕੀ ਭਰੇ ਮੈਸੇਜ ਆ ਰਹੇ ਹਨ ਕਿ ਜੇਕਰ ਜਾਨ ਦੀ ਸਲਾਮਤੀ ਚਾਹੁੰਦੇ ਹੋ ਤਾਂ 7 ਲੱਖ ਰੁਪਏ ਦੇ ਦਿਓ। ਫਿਰੌਤੀ ਨਾ ਮਿਲਣ ਦੀ ਸੂਰਤ ਦੇ ਵਿੱਚ ਉਨ੍ਹਾਂ ਦੇ ਬੱਚੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਆਰੋਪੀ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸਨੂੰ ਕਿ ਕੋਰਟ ਦੇ ਵਿੱਚ ਪੇਸ਼ਕਾਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਉਧਰ ਦੂਜੇ ਪਾਸੇ ਨੌਜਵਾਨ ਨੇ ਵੀ ਆਪਣਾ ਗੁਨਾਹ ਮੰਨਿਆ ਹੈ ਹਰੀਸ਼ ਕੁਮਾਰ ਜੋ ਬੇਰੁਜ਼ਗਾਰੀ ਦੇ ਆਲਮ ਦੇ ਤਹਿਤ ਕਿਡਨੈਪਰ ਬਣ ਗਿਆ। ਉਕਤ ਨੌਜਵਾਨ ਜਲਾਲਾਬਾਦ ਦੀ ਇਕ ਫਰਮ ਕੋਲ ਪਿਛਲੇ 5 ਸਾਲਾ ਤੋਂ ਕੰਮ ਕਰ ਰਿਹਾ ਸੀ। ਸਪੇਅਰ ਪਾਰਟ ਦਾ ਕੰਮ ਕਰਨ ਵਾਲੀ ਇਸ ਫਰਮ ‘ਤੇ ਕੰਮ ਕਰਨ ਵਾਲਾ ਉਕਤ ਨੌਜਵਾਨ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਨੌਕਰੀ ਦੀ ਭਾਲ ਕਰ ਰਿਹਾ ਸੀ, ਜਿਸ ਦੇ ਲਈ ਉਹ ਕਈ ਥਾਵਾਂ ‘ਤੇ ਗਿਆ। ਨੌਕਰੀ ਤੋਂ ਪਰੇਸ਼ਾਨ ਅਤੇ ਬੇਰੁਜ਼ਗਾਰ ਹੋਣ ਕਾਰਨ ਉਸ ਦਾ ਦਿਮਾਗ ਖਰਾਬ ਹੋ ਗਿਆ। ਉਹ ਜਿਸ ਫਰਮ ‘ਤੇ ਕੰਮ ਕਰ ਰਿਹਾ ਸੀ, ਤੋਂ ਹੀ 7 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰਨ ਲੱਗ ਪਿਆ। ਪੈਸੇ ਨਾ ਮਿਲਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗਾ।