The Khalas Tv Blog Punjab ਬਾਰਡਰ ‘ਤੇ ਲੱਗੇ ਸਿੰਘਾਂ ਦੇ ਮੋਰਚੇ ਤੋਂ ਅੰਮ੍ਰਿਤਪਾਲ ਸਿੰਘ ਦੀ ਤਕਰੀਰ
Punjab

ਬਾਰਡਰ ‘ਤੇ ਲੱਗੇ ਸਿੰਘਾਂ ਦੇ ਮੋਰਚੇ ਤੋਂ ਅੰਮ੍ਰਿਤਪਾਲ ਸਿੰਘ ਦੀ ਤਕਰੀਰ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਅੱਜ ਮੁਹਾਲੀ-ਚੰਡੀਗੜ੍ਹ ਸਰਹੱਦ ਉੱਤੇ ਲੱਗੇ ਕੌਮੀ ਇਨਸਾਫ਼ ਮੋਰਚੇ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਮੋਰਚੇ ਵਿੱਚ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਮੋਰਚੇ ਵਿੱਚੋਂ ਸਭ ਤੋਂ ਵੱਡੀ ਪ੍ਰਾਪਤ ਸਾਨੂੰ ਇਹ ਹੋਵੇਗੀ ਜਦੋਂ ਅਸੀਂ ਇੱਕਜੁੱਟ ਹੋ ਗਏ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਡੇ ਮਨ ਵਿੱਚ ਪਹਿਲਾਂ ਸਵਾਲ ਇਹ ਆਉਣਾ ਚਾਹੀਦਾ ਹੈ ਕਿ ਸਾਡੇ ਬੰਦੀ ਸਿੰਘ ਬੰਦੀ ਕਿਉਂ ਬਣੇ ਹਨ। ਬੰਦੀ ਸਿੰਘ ਰਿਹਾਅ ਕਰਨ ਦੇ ਨਾਅਰੇ ਮਾਰਨ ਤੋਂ ਪਹਿਲਾਂ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਬੰਦੀ ਸਿੰਘ ਜਿਸ ਮਕਸਦ ਕਰਕੇ ਜੇਲ੍ਹਾਂ ਦੇ ਅੰਦਰ ਗਏ ਹਨ, ਕੀ ਉਹ ਮਕਸਦ ਪੂਰਾ ਹੋ ਗਿਆ ਹੈ। ਜੇ ਉਹ ਮਕਸਦ ਪੂਰਾ ਨਹੀਂ ਹੋਇਆ ਤਾਂ ਬੰਦੀ ਸਿੰਘ ਰਿਹਾਅ ਹੋ ਕੇ ਵੀ ਕੀ ਕਰ ਲੈਣਗੇ। ਭਾਰਤ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਲੱਖਾਂ ਨੌਜਵਾਨਾਂ ਦਾ ਘਾਣ ਕੀਤਾ ਹੈ। ਸੰਵਿਧਾਨ ਨੂੰ ਇਹ ਪੰਜ ਮਿੰਟਾਂ ਵਿੱਚ ਬਦਲ ਦਿੰਦੇ ਹਨ ਜਦੋਂ ਇਨ੍ਹਾਂ ਨੂੰ ਲੋੜ ਪੈਂਦੀ ਹੈ। ਅਸੀਂ ਬੰਦੀ ਸਿੰਘਾਂ ਦਾ ਸੰਘਰਸ਼ ਲੜਨਾ ਹੈ ਬਸ਼ਰਤੇ ਅਸੀਂ ਇਸ ਲਈ ਖ਼ਾਲਿਸਤਾਨ ਜਾਂ ਆਜ਼ਾਦੀ ਦੇ ਸੰਘਰਸ਼ ਨਾਲ ਕੋਈ ਸਮਝੌਤਾ ਨਹੀਂ ਕਰਨਾ ਹੈ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਰੀਆਂ ਕੌਮਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸਮੇਂ ਸਿੱਖਾਂ ਦੇ ਨਾਲ ਖੜੇ ਕਿਉਂਕਿ ਅਸੀਂ ਲੋੜ ਪੈਣ ਉੱਤੇ ਸਾਰਿਆਂ ਨਾਲ ਖੜੇ ਹਾਂ। ਅਸੀਂ ਉਹਨਾਂ ਲੋਕਾਂ ਨੂੰ ਸਿਰ ਉੱਤੇ ਬਿਠਾ ਲੈਂਦੇ ਹਾਂ ਜਿਨ੍ਹਾਂ ਨੇ ਪੈਰ ਪੈਰ ‘ਤੇ ਸਾਡੇ ਨਾਲ ਧੋਖਾ ਕੀਤਾ ਹੈ। ਜੇ ਅਸੀਂ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਉੱਤੇ ਚੱਲੀਏ ਤਾਂ ਸਾਡਾ ਰਾਜ ਦੂਰ ਨਹੀਂ। ਅੰਮ੍ਰਿਤਪਾਲ ਸਿੰਘ ਨੇ ਮੁੜ ਸਾਰਿਆਂ ਨੂੰ ਕੇਸ ਨਾ ਕਟਵਾਉਣ ਦੀ ਅਪੀਲ ਕੀਤੀ ਹੈ ਅਤੇ ਅੰਮ੍ਰਿਤ ਛਕਣ ਲਈ ਕਿਹਾ। ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਘਰ ਵਾਪਸੀ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਸ਼ਹੀਦੀ ਦੇਣ ਦਾ ਚਾਅ ਹੈ, ਉਹ ਅੱਗੇ ਆ ਜਾਣ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ 15 ਫਰਵਰੀ ਨੂੰ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਗੁਲਾਮ ਹੋ ਗਏ ਹਾਂ। ਗੁਲਾਮੀ ਦੀਆਂ ਜੜਾਂ ਪੁੱਟਣ ਲਈ ਸਾਨੂੰ ਆਵਾਜ਼ ਚੁੱਕਣੀ ਪਵੇਗੀ। ਰਾਮ ਰਹੀਮ ਦੀ ਪੈਰੋਲ ਬਾਰੇ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਲਾਤਕਾਰੀਆਂ ਨੂੰ ਪੈਰੋਲਾਂ ਮਿਲ ਰਹੀਆਂ ਹਨ ਪਰ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਏਦਾਂ ਦੇ ਬੰਦਿਆਂ ਨੂੰ ਸਮਾਜ ਵਿੱਚ ਖੁੱਲ੍ਹਾ ਛੱਡਿਆ ਜਾ ਰਿਹਾ ਹੈ। ਸਾਡੇ ਬੰਦੀ ਸਿੰਘਾਂ ਦੀ ਮਾਤਾ ਦੇ ਦੇਹਾਂਤ ਉੱਤੇ ਵੀ ਉਨ੍ਹਾਂ ਨੂੰ ਸਿਰਫ਼ ਅੱਧੇ ਘੰਟੇ ਦੀ ਪੈਰੋਲ ਦਿੱਤੀ ਜਾਂਦੀ ਹੈ।

ਉਗਰਾਹਾਂ ਉੱਤੇ ਵਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਸਿੱਖ ਨਹੀਂ ਹੈ। ਉਗਰਾਹਾਂ ਨੇ ਦਿੱਲੀ ਵਿੱਚ ਮਨਾਏ ਗਏ ਮਨੁੱਖੀ ਅਧਿਕਾਰ ਦਿਵਸ ਮੌਕੇ ਇੱਕ ਵੀ ਬੰਦੀ ਸਿੰਘ ਦੀ ਤਸਵੀਰ ਨਹੀਂ ਲਗਾਈ ਸੀ। ਦੀਪ ਸਿੱਧੂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨ ਨੂੰ ਦਿੱਲੀ ਤੋਂ ਆਉਂਦਿਆਂ ਨੂੰ ਧੋਖੇ ਨਾਲ ਮਾਰ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਲਈ ਸਿਰ ਦੇਣੇ ਪੈਣੇ ਹਨ। ਸਾਰੇ ਕਾਮਰੇਡ ਫਲਸਤੀਨੀਆਂ ਦੀ ਹਮਾਇਤ ਵਿੱਚ ਹਨ।

ਭਾਰਤ ਜੋੜੋ ਯਾਤਰਾ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ, ਸਾਰੇ ਸੂਬੇ ਬੋਲੀ ਦੇ ਆਧਾਰ ਉੱਤੇ ਬਣ ਰਹੇ ਹਨ, ਕੀ ਇਹ ਭਾਰਤ ਜੋੜੋ ਯਾਤਰਾ ਹੈ। ਸਾਡੀ ਸਿੱਖ ਕੌਮ ਨੂੰ ਜੁਰਾਇਮ ਪੇਸ਼ਾ ਕੌਮ ਕਿਹਾ ਗਿਆ। ਬਹੁ ਗਿਣਤੀ ਜੇ ਸਿੱਖਾਂ ਨੂੰ ਸਤਿਕਾਰ ਦਿੰਦੀ ਹੈ ਤਾਂ ਉਹ ਆਪਣੇ ਮਤਲਬ ਲਈ ਦਿੰਦੀ ਹੈ।

Exit mobile version