ਚੰਡੀਗੜ੍ਹ- ਬਲਾਤਕਾਰ ਦੇ ਇਲਜ਼ਾਮਾਂ ‘ਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਨਿਮਾਣੇ ਸਿੱਖ ਵਜੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਖਿਮਾ ਯਾਚਨਾ ਦੀ ਚਿੱਠੀ ਸੌਂਪੀ ਹੈ। ਸੁੱਚਾ ਸਿੰਘ ਲੰਗਾਹ ਨੇ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਸਿੱਖ–ਪੰਥ ਵਿੱਚ ਦੋਬਾਰਾ ਸ਼ਾਮਲ ਕਰਨ ਦੀ ਲਿਖਤੀ ਬੇਨਤੀ ਕੀਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਇੱਕ ਵਿਡੀਓ ਸਾਲ 2017 ’ਚ ਵਾਇਰਲ ਹੋ ਗਈ ਸੀ, ਜਿਸ ਵਿੱਚ ਉਹ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ’ਚ ਵਿਖਾਈ ਦੇ ਰਹੇ ਸਨ। ਉਸੇ ਵਿਡੀਓ ਦੇ ਆਧਾਰ ਉੱਤੇ ਉਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸਿੱਖ-ਪੰਥ ਵਿੱਚੋਂ ਛੇਕ ਦਿੱਤਾ ਸੀ।

 

ਉਸ ਸਮੇਂ ਗੁਰਦਾਸਪੁਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਹੋਣ ਵਾਲੀ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਮਾੜੇ ਵਿਵਹਾਰ ਤੇ ਸਿੱਖ ਸਿਧਾਂਤਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਸੀ; ਜਿਸ ਕਾਰਨ ਉਸ ਚੋਣ ਤੋਂ ਪਹਿਲਾਂ-ਪਹਿਲਾਂ ਹੀ ਅਕਤੂਬਰ 2017 ’ਚ ਉਨ੍ਹਾਂ ਨੂੰ ਪੰਥ ’ਚੋਂ ਛੇਕ ਦਿੱਤਾ ਗਿਆ ਸੀ।

ਗੁਰਦਾਸਪੁਰ ਦੀ ਅਦਾਲਤ ਨੇ ਅਗਲੇ ਸਾਲ 2018 ਵਿੱਚ ਸੁੱਚਾ ਸਿੰਘ ਲੰਗਾਹ ਨੂੰ ਬਰੀ ਕਰ ਦਿੱਤਾ ਸੀ। ਇਸ ਲਈ ਹੁਣ ਲੰਗਾਹ ਨੇ ਉਸੇ ਅਦਾਲਤੀ ਫ਼ੈਸਲੇ ਦੇ ਹਵਾਲੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਸਿੱਖ ਪੰਥ ਵਿੱਚ ਮੁੜ ਸ਼ਾਮਲ ਕੀਤਾ ਜਾਵੇ। ਉਸ ਜ਼ਿਮਨੀ ਚੋਣ ਵੇਲੇ ਲੰਗਾਹ ਦੀ ਉਸ ਵਾਇਰਲ ਵਿਡੀਓ ਦਾ ਮੁੱਦਾ ਕਾਫ਼ੀ ਜ਼ਿਆਦਾ ਭਖਿਆ ਸੀ। ਲੰਗਾਹ ਨੇ 18 ਅਗਸਤ, 2018 ਨੂੰ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਉਨ੍ਹਾਂ ਨੂੰ ਸਿੱਖ ਪੰਥ ’ਚ ਮੁੜ ਸ਼ਾਮਲ ਕਰਨ ਦੀ ਬੇਨਤੀ ਕੀਤੀ ਗਈ ਸੀ।