International Punjab

ਫਾਂਸੀ ਤੋਂ ਕੁਝ ਕਦਮ ਪਹਿਲਾਂ ਪੰਜਾਬੀ ਨੌਜਵਾਨ ਨੂੰ ਮਿਲਿਆ ਜੀਵਨਦਾਨ ! ਪਰ ਪਿਤਾ ਦਾ ਸੁਪਣਾ ਅਧੂਰਾ ਰਹਿ ਗਿਆ !

ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਸ਼ੇਖੁਪੁਰਾ ਪਿੰਡ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਨਵੀਂ ਜ਼ਿੰਦਗੀ ਮਿਲੀ ਹੈ । ਗੁਰਪ੍ਰੀਤ ਸਿੰਘ ਅਤੇ ਤਿੰਨ ਹੋਰ ਪਾਕਿਸਤਾਨੀ ਨੌਜਵਾਨਾਂ ਨੂੰ ਕਤਲ ਦੇ ਇਲਜ਼ਾਮ ਵਿੱਚ ਸ਼ਾਰਜਾਹ ਵਿੱਚ ਮੌਤ ਦੀ ਸਜ਼ਾ ਮਿਲੀ ਸੀ । ਗੁਰਪ੍ਰੀਤ ਦੇ ਪਰਿਵਾਰ ਨੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੀ ਅੰਮ੍ਰਿਤਸਰ ਇਕਾਈ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਡਾ. ਐੱਸਪੀ ਸਿੰਘ ਓਬਰਾਏ ਦੀ ਮਦਦ ਨਾਲ ਗੁਰਪ੍ਰੀਤ ਘਰ ਪਹੁੰਚ ਸਕਿਆ ਹੈ। 2 ਸਾਲ ਪਹਿਲਾਂ ਸ਼ਾਰਜਾਹ ਕੋਰਟ ਨੇ ਚਾਰਾਂ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਵਾਈ ਸੀ ।

ਜਿਸ ਨੌਜਵਾਨ ਦਾ ਕਤਲ ਹੋਇਆ ਸੀ ਉਨ੍ਹਾਂ ਦੇ ਮਾਪਿਆਂ ਦੇ ਨਾਲ ਡਾਕਟਰ ਐੱਸਪੀ ਸਿੰਘ ਓਬਰਾਏ ਨੇ ਗੱਲ ਕੀਤੀ ਅਤੇ ਬਲੱਡ ਮਨੀ ਦੇ ਰਾਜ਼ੀ ਕੀਤਾ । ਇਸ ਸਮਝੌਤੇ ਦੇ ਬਾਅਦ ਸ਼ਾਰਜਾਹ ਕੋਰਟ ਵਿੱਚ ਜੱਜਾਂ ਦੀ ਮੌਜੂਦਗੀ ਵਿੱਚ ਡਾ. ਓਬਰਾਏ ਨੇ ਮੌਕੇ ‘ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ 2 ਲੱਕ ਦਰਾਮ ਤਕਰੀਬਨ 46 ਲੱਖ ਰੁਪਏ ਸੌਂਪੇ,ਜਿਸ ਤੋਂ ਬਾਅਦ ਅਦਾਲਤ ਵਿੱਚ ਪੀੜਤ ਪਰਿਵਾਰ ਨੇ ਗੁਰਪ੍ਰੀਤ ਸਮੇਤ ਪਾਕਿਸਤਾਨ ਦੇ 3 ਹੋਰ ਨੌਜਵਾਨਾਂ ਦੀ ਮਾਫੀ ਦੀ ਸਜ਼ਾ ਨੂੰ ਮਨਜ਼ੂਰ ਕਰ ਲਿਆ ।

ਚਾਰੋ ਨੌਜਵਾਨ ਦੇ ਪਰਿਵਾਰਾਂ ਦੇ ਵੱਲੋਂ ਕੁਝ ਪੈਸਾ ਦਿੱਤਾ ਗਿਆ ਬਾਕੀ ਡਾ. ਓਬਰਾਏ ਨੇ ਇਸ ਬਲੱਡ ਮਨੀ ਵਿੱਚ ਵੱਡਾ ਹਿੱਸਾ ਪਾਇਆ । ਇਸ ਮਾਮਲੇ ਨੂੰ ਲੈਕੇ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਸ਼ਾਰਜਾਹ ਕੋਰਟ ਨੇ ਅਖੀਰਲਾ ਫੈਸਲਾ ਸੁਣਾਉਂਦੇ ਹੋਏ ਚਾਰਾਂ ਨੂੰ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ।

ਪੰਜ ਸਾਲ ਬਾਅਦ ਪਰਿਵਾਰ ਨੇ ਗੁਰਪ੍ਰੀਤ ਦਾ ਚਿਹਰਾ ਵੇਖਿਆ

ਸ਼ਾਰਜਹਾਂ ਦੀ ਜ਼ੇਲ੍ਹ ਤੋਂ ਰਿਹਾ ਗੁਰਪ੍ਰੀਤ ਸਿੰਘ ਸਵੇਰੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇ । ਜਿੱਥੇ ਉਨ੍ਹਾਂ ਦੀ ਮਾਂ ਬਲਜੀਤ ਕੌਰ ਅਤੇ ਪਤਨੀ ਨੇ ਗੁਰਪ੍ਰੀਤ ਦਾ ਸੁਆਗਤ ਕੀਤਾ । ਪੂਰਾ ਪਰਿਵਾਰ ਭਾਵੁਕ ਹੋ ਗਿਆ,ਗੁਰਪ੍ਰੀਤ ਨੂੰ ਮੌਤ ਦੇ ਮੂੰਹ ਤੋਂ ਸਹੀ ਸਲਾਮਤ ਵੇਖ ਕੇ । ਗੁਰਪ੍ਰੀਤ ਦੇ ਪਿਤਾ ਪਰਮਜੀਤ ਦਾ ਪੁੱਤਰ ਦੇ ਇੰਤਜ਼ਾਰ ਵਿੱਚ 2 ਸਾਲ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ ।