Punjab

ਪੰੰਜਾਬ ‘ਚ ਲੱਗਿਆ ਕਰਫਿਊ,ਹੁਕਮਾਂ ਦੀ ਕੀਤੀ ਜਾਵੇ ਪਾਲਣਾ-ਕੈਪਟਨ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਹੈ। ਸੂਬੇ ਵਿੱਚ ਮੁਕੰਮਲ ਕਰਫਿਊ ਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਮੁੱਖ-ਮੰਤਰੀ ਨੇ ਸਾਰੇ ਜਿਲਿਆਂ ਦੇ ਡੀਸੀ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਇਸ ਕਰਫਿਊ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਕੀਤੀ ਜਾਵੇਗੀ। ਅਗਲੇ ਹੁਕਮਾਂ ਤੱਕ ਇਹ ਕਰਫਿਊ ਜਾਰੀ ਰਹੇਗਾ। ਖਾਸ ਸਥਿਤੀ ‘ਤੇ ਹੀ ਲੋਕਾਂ ਨੂੰ ਛੋਟ ਮਿਲੇਗੀ। ਇਸ ਕਰਫਿਊ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।

ਕਰਫਿਊ ਲੱਗਣ ਤੋਂ ਬਾਅਦ ਲੋਕ ਜ਼ਰੂਰੀ ਸਮਾਨ ਖਰੀਦਣ ਲਈ ਦੁਕਾਨਾਂ ਦੇ ਬਾਹਰ ਖੜੇ ਹੋ ਗਏ ਹਨ। ਕੈਪਟਨ ਨੇ ਟਵੀਟ ਕਰਕੇ ਕਿਹਾ ਹੈ ਕਿ, ”ਘਰਾਂ ਵਿੱਚ ਕੁਆਰੰਟੀਨ ਲੋਕ ਜੇਕਰ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਦੀ ਭਲਾਈ ਲਈ ਹਰ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ ਮੈਂ ਖੁਸ਼ ਹਾਂ ਕਿ ਲੋਕ ਸਹਿਯੋਗ ਕਰ ਰਹੇ ਹਨ।” ਪੁਲਿਸ ਨੇ ਮੋਹਾਲੀ ਵਿੱਚ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਹਨ। ਦੁਕਾਨਦਾਰਾਂ ਨੂੰ ਆਮ ਲੋਕਾਂ ਵਾਂਗ ਘਰਾਂ ‘ਚ ਹੀ ਰਹਿਣ ਲਈ ਕਿਹਾ ਗਿਆ ਹੈ।