Punjab

ਪੰਜ ਜੀਆਂ ਨੂੰ ਖਪਾਉਣ ਵਾਲੇ ਪੁਲਸੀਏ 16 ਸਾਲ ਬਾਅਦ ਭੇਜੇ ਜੇਲ੍ਹ

 

ਚੰਡੀਗੜ੍ਹ-(ਪੁਨੀਤ ਕੌਰ) ਅੰਮ੍ਰਿਤਸਰ ਅਦਾਲਤ ਨੇ 16 ਸਾਲ ਪੁਰਾਣੇ ਖੁਦਕੁਸ਼ੀ ਮਾਮਲੇ ਵਿੱਚ ਦੋਸ਼ੀ ਸਾਬਕਾ ਡੀਆਈਜੀ ਕੁਲਤਾਰ ਸਿੰਘ ਨੂੰ 8 ਸਾਲ ਤੇ ਡੀ.ਐੱਸ.ਪੀ. ਹਰਦੇਵ ਸਿੰਘ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਹਰਦੀਪ ਸਿੰਘ ਦੇ 4 ਹੋਰ ਰਿਸ਼ਤੇਦਾਰਾਂ ਮਹਿੰਦਰ ਸਿੰਘ, ਸਬਰੀਨ ਕੌਰ, ਪਰਵਿੰਦਰ ਕੌਰ ਤੇ ਪਰਮਿੰਦਰ ਸਿੰਘ ਨੂੰ 8-8 ਸਾਲ ਦੀ ਸਜ਼ਾ ਸੁਣਾਈ ਹੈ। ਸਾਲ 2004 ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਦੇ ਕਰਕੇ ਅੰਮ੍ਰਿਤਸਰ ਦੇ ਮੋਨੀ ਚੌਂਕ ਇਲਾਕੇ ‘ਚ ਹਰਦੀਪ ਸਿੰਘ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਡੀਆਈਜੀ ਕੁਲਤਾਰ ਸਿੰਘ ਸ਼ਹਿਰ ਵਿਚ ਬਤੌਰ ਐੱਸ.ਐੱਸ.ਪੀ. ਅਤੇ ਹਰਦੇਵ ਸਿੰਘ ਬਤੌਰ ਥਾਣਾ ਸੀ ਡਵੀਜ਼ਨ ਦੇ ਐੱਸ.ਐੱਚ.ਓ. ਵਜੋਂ ਤਾਇਨਾਤ ਸਨ।

ਹਰਦੀਪ ਸਿੰਘ ਕੋਲੋਂ ਪਰਿਵਾਰਕ ਝਗੜੇ ਦੌਰਾਨ ਗਲਤੀ ਨਾਲ ਆਪਣੇ ਪਿਤਾ ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਿਓ ਦੀ ਲਾਸ਼ ਨੂੰ ਸੁੱਟ ਦਿੱਤਾ ਤੇ ਉਸ ਨੂੰ ਅਜਿਹਾ ਕਰਦਿਆਂ ਕੁਝ ਰਿਸ਼ਤੇਦਾਰਾਂ ਨੇ ਵੇਖ ਲਿਆ ਸੀ। ਪ੍ਰੱਤਖਦਰਸ਼ੀਆਂ ਨੇ ਇਸ ਦੀ ਸ਼ਿਕਾਈਤ ਪੁਲਿਸ ਨੂੰ ਦੇ ਦਿੱਤੀ। ਇਸ ਦੌਰਾਨ ਅੰਮ੍ਰਿਤਸਰ ਪੁਲਿਸ ‘ਚ ਤਾਇਨਾਤ ਐੱਸ.ਐੱਸ.ਪੀ. ਕੁਲਤਾਰ ਸਿੰਘ ਨੇ ਕੇਸ ਨੂੰ ਖ਼ਤਮ ਕਰਨ ਲਈ ਹਰਦੀਪ ਸਿੰਘ ਦੇ ਪਰਿਵਾਰ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਬਾਅਦ ‘ਚ ਫਿਰ ਉਨ੍ਹਾਂ ਤੋਂ ਸੱਤ ਲੱਖ ਰੁਪਏ ਹੋਰ ਮੰਗੇ।

ਕੁਲਤਾਰ ਸਿੰਘ ਨੇ ਹਰਦੀਪ ਸਿੰਘ ਦੀ ਪਤਨੀ ਨਾਲ ਵੀ ਸਰੀਰਕ ਸੰਬੰਧ ਬਣਾਏ ਤੇ ਉਸ ਨਾਲ ਦੋ ਦਿਨ ਤੱਕ ਬਲਾਤਕਾਰ ਕਰਦਾ ਰਿਹਾ। ਉਸਨੇ ਹਰਦੀਪ ਤੇ ਉਸ ਦੀ ਪਤਨੀ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਹਰਦੀਪ ਤੇ ਉਸ ਦੇ ਪੂਰੇ ਪਰਿਵਾਰ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਇੰਨਾ ਸਭ ਹੋਣ ਤੋਂ ਬਾਅਦ ਹਰਦੀਪ ਸਿੰਘ ਦੀ ਪਤਨੀ ਆਪਣੇ ਘਰ ਬਗੈਰ ਕਿਸੇ ਨੂੰ ਦੱਸੇ ਐੱਸ.ਐੱਸ.ਪੀ. ਕੁਲਤਾਰ ਸਿੰਘ ਕੋਲ ਪਹੁੰਚੀ ਤਾਂ ਉਸ ਨੇ ਪੀੜਤਾ ਨਾਲ ਜ਼ਬਰਦਸਤੀ ਕੀਤੀ। ਇਸ ਬਾਰੇ ਹਰਦੀਪ ਦੀ ਪਤਨੀ ਨੇ ਘਰਵਾਲਿਆਂ ਨੂੰ ਦੱਸਿਆ ਤਾਂ ਹਰਦੀਪ ਨੇ ਹਿੰਮਤ ਹਾਰ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੀ ਮਾਂ, ਪਤਨੀ ਤੇ ਦੋਵੇਂ ਬੇਟਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਬਾਅਦ ‘ਚ ਕੰਧਾਂ ‘ਤੇ ਆਪ ਬੀਤੀ ਲਿਖ ਮੌਤ ਨੂੰ ਗਲੇ ਲਾ ਲਿਆ।

ਹਰਦੀਪ ਸਿੰਘ ਵੱਲੋਂ ਲਿਖੀ ਹੱਡਬੀਤੀ ਦੀ ਦਾਸਤਾਂ ਦੀ ਵੀਡੀਓ ਰਿਕਾਰਡਿੰਗ ਵੀ ਹੈ। ਹਰਦੀਪ ਨੇ ਕੰਧ ‘ਤੇ ਆਪਣੇ ਪੈਸਿਆਂ ਦਾ ਸਾਰਾ ਹਿਸਾਬ ਲਿਖਿਆ ਹੋਇਆ ਸੀ ਜਿਸ ਵਿੱਚੋਂ ਐੱਸ.ਐੱਸ.ਪੀ. ਕੁਲਤਾਰ ਸਿੰਘ ਨੇ ਆਪਣਾ ਨਾਂ ਹਟਾ ਕੇ ਵੱਖਰੇ ਪੈੱਨ ਨਾਲ ਕੁਝ ਹੋਰ ਲਿਖ ਦਿੱਤਾ ਸੀ। ਫੋਰੈਂਸਿਕ ਜਾਂਚ ਤੋਂ ਬਾਅਦ ਸਬੂਤਾਂ ਨਾਲ ਛੇੜਛਾੜ ਹੋਣ ਦਾ ਖੁਲਾਸਾ ਹੋਇਆ ਸੀ।

ਅਦਾਲਤ ਵੱਲੋਂ ਮਈ 2016 ਵਿਚ ਇਨ੍ਹਾਂ ਖਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਰਕਾਰੀ ਵਕੀਲ ਰਿਤੂ ਕੁਮਾਰ ਨੇ ਦੱਸਿਆ ਕਿ ਚਾਰ ਰਿਸ਼ਤੇਦਾਰਾਂ ਨੂੰ ਅਦਾਲਤ ਵੱਲੋਂ ਖੁਦਕੁਸ਼ੀ ਲਈ ਮਜਬੂਰ ਕਰਨ, ਸ਼ੋਸ਼ਣ ਕਰਨ ਆਦਿ ਨਾਲ ਸਬੰਧਤ ਧਾਰਾ 306, 388 ਅਤੇ 506 ਹੇਠ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸੇਵਾਮੁਕਤ ਡੀ.ਆਈ.ਜੀ. ਕੁਲਤਾਰ ਸਿੰਘ ਨੂੰ ਧਾਰਾ 306, 388, 506, 465 ਅਤੇ 120 ਬੀ ਹੇਠ ਤੇ ਡੀ.ਐੱਸ.ਪੀ. ਹਰਦੇਵ ਸਿੰਘ ਨੂੰ ਧਾਰਾ 465, 471, 120, 119, 201, 217 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ  ‘ਚ 18 ਵਾਰ ਐੱਸ.ਐੱਸ.ਪੀ. ਤੇ ਉਸ ਦੇ ਸਾਥੀਆਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ।