ਚੰਡੀਗੜ੍ਹ-  ਕੋਰੋਨਾਵਾਇਰਸ ਕਾਰਨ ਭਾਰਤ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ ਤੱਕ 7 ਹੋ ਗਈ ਹੈ ਤੇ ਕੋਰੋਨਾਵਾਇਰਸ ਦੀ ਲਾਗ ਤੋਂ ਇਸ ਵੇਲੇ 429 ਵਿਅਕਤੀ ਪੀੜਤ ਹਨ।

ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਸਾਰੀਆਂ ਯਾਤਰਾਵਾਂ ਵਾਲੀਆਂ ਰੇਲਗੱਡੀਆਂ, ਅੰਤਰਰਾਜੀ ਬੱਸ ਸੇਵਾਵਾਂ ਤੇ ਮੈਟਰੋ ਨੂੰ 31 ਮਾਰਚ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਦੇਸ਼ ਦੇ 15 ਸੂਬਿਆਂ ਤੇ ਹੋਰਨਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਚ ਲੌਕਡਾਊਨ ਕਰ ਦਿੱਤਾ ਗਿਆ ਹੈ।

ਕੇਂਦਰ ਤੇ ਰਾਜ ਸਰਕਾਰਾਂ ਨੇ ਉਨ੍ਹਾਂ 75 ਜ਼ਿਲ੍ਹਿਆਂ ਵਿੱਚ ਮੁਕੰਮਲ ਬੰਦਦਾ ਫ਼ੈਸਲਾ ਲਿਆ ਹੈ ਜਿੱਥੇ ਕੋਰੋਨਾਵਾਇਰਸ ਦੀ ਲਾਗ ਫੈਲਣ ਦੇ ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਚ ਕੇਵਲ ਜ਼ਰੂਰੀ ਵਸਤਾਂ ਤੇ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ।

ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਖ਼ਤ ਕਦਮ ਸਿਹਤ ਮੰਤਰਾਲੇ ਵੱਲੋਂ ਕੁੱਲ ਪੀੜਤਾਂ ਦੀ ਗਿਣਤੀ 360 ਹੋਣ ਤੋਂ ਬਾਅਦ ਚੁੱਕੇ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 63 ਮਾਮਲੇ ਮਹਾਰਾਸ਼ਟਰ ਦੇ ਹਨ। 31 ਮਾਰਚ ਤੱਕ ਪੰਜਾਬ ਪੂਰੀ ਤਰ੍ਹਾਂ ਲੌਕਡਾਊਨ ਰੱਖਣ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਐਤਵਾਰ ਨੂੰ ਹੀ ਕਰ ਦਿੱਤਾ ਸੀ।

 ਇੰਝ ਹੀ ਮੱਧ ਪ੍ਰਦੇਸ਼ ਸਰਕਾਰ ਨੇ ਭੋਪਾਲ ਤੇ ਜਬਲਪੁਰ ਸਮੇਤ 9 ਜ਼ਿਲ੍ਹਿਆਂ ਨੂੰ ਲੌਕਡਾਊਨ ਕਰ ਦਿੱਤਾ ਹੈ। ਹਰਿਆਣਾ ਦੇ 7 ਜ਼ਿਲ੍ਹੇ, ਮਹਾਰਾਸ਼ਟਰ ਦੇ 9 ਜ਼ਿਲ੍ਹੇ, ਕਰਨਾਟਕ ਦੇ 5, ਕੇਰਲ ਦੇ 10, ਗੁਜਰਾਤ ਦੇ 6,ਤਾਮਿਲ ਨਾਡੂ ਦੇ 3, ਉੱਤਰ ਪ੍ਰਦੇਸ਼ ਦੇ 15 ਜ਼ਿਲ੍ਹਿਆਂ ਚ ਲੌਕਡਾਊਨ ਕਰ ਦਿੱਤਾ ਗਿਆ ਹੈ ਪੰਜਾਬ, ਬਿਹਾਰ, ਦਿੱਲੀ, ਨਾਗਾਲੈਂਡ, ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੋਆ, ਝਾਰਖੰਡ, ਛੱਤੀਸਗੜ੍ਹ, ਓੜੀਸ਼ਾ, ਉਤਰਾਖੰਡ ਵਿੱਚ ਆਉਂਦੀ 31 ਮਾਰਚ ਤੱਕ ਪੂਰੀ ਤਰ੍ਹਾਂ ਲੌਕਡਾਊਨ ਕਰ ਦਿੱਤਾ ਗਿਆ ਹੈ।