‘ਦ ਖ਼ਾਲਸ ਬਿਊਰੋ :- ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ’ਚੋਂ ਦਰਜਨ ਤੋਂ ਵੱਧ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਸ ਤਹਿਤ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਫ਼ੈਸਲੇ ਮੁਤਾਬਕ ਸਰਹੱਦੀ ਜ਼ਿਲ੍ਹੇ ’ਚ ਹੁਣ ਤੱਕ ਆਏ 221 ਸ਼ਰਧਾਲੂਆਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚੋਂ 179 ਸ਼ਰਧਾਲੂਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਲਗਭਗ ਇੱਕ ਮਹੀਨਾ ਹਜ਼ੂਰ ਸਾਹਿਬ ਰੁਕੇ ਰਹੇ ਸ਼ਰਧਾਲੂਆਂ ’ਚੋਂ ਦਰਜਨ ਤੋਂ ਵੱਧ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਭਾਵੇਂ ਦਾਅਵਾ ਕੀਤਾ ਗਿਆ ਸੀ ਕਿ ਨਾਂਦੇੜ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਇਨ੍ਹਾਂ ਦੀ ਸਕਰੀਨਿੰਗ ਕੀਤੀ ਗਈ ਹੈ ਪਰ ਇਥੇ ਪੁੱਜਣ ਮਗਰੋਂ ਕੁੱਝ ਸ਼ੱਕੀ ਮਰੀਜ਼ ਕੋਰੋਨਾ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿੱਚ ਤਰਨ ਤਾਰਨ ਦੇ ਅੱਠ, ਕਪੂਰਥਲਾ ਦੇ ਤਿੰਨ ਤੇ ਮੁਹਾਲੀ ਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ-ਇੱਕ ਸ਼ਰਧਾਲੂ ਸ਼ਾਮਲ ਦੱਸਿਆ ਜਾ ਰਿਹਾ ਹੈ।

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁਣ ਤੱਕ 221 ਯਾਤਰੀ ਨਾਂਦੇੜ ਤੋਂ ਪੁੱਜੇ ਹਨ, ਜਿਨ੍ਹਾਂ ਨੂੰ ਇਕਾਂਤਵਾਸ ਕਰਨ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਤਰਨਤਾਰਨ ਤੇ ਹੋਰ ਥਾਵਾਂ ’ਤੇ ਕੁੱਝ ਯਾਤਰੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਸਾਰੇ ਯਾਤਰੀਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ। ਸਾਰੇ ਯਾਤਰੀਆਂ ਨੂੰ ਸ਼ਾਮ ਤੱਕ ਇਕਾਂਤਵਾਸ ਵਿੱਚ ਲਿਆਂਦਾ ਜਾਵੇਗਾ। ਇਨ੍ਹਾਂ ਨੂੰ ਇਥੇ ਸਰਕਾਰੀ ਕੇਂਦਰਾਂ ਵਿੱਚ ਰੱਖਿਆ ਜਾਵੇਗਾ।