Punjab

ਪੰਜਾਬ ਦੇ ਇਨ੍ਹਾਂ ਕਿਸਾਨਾਂ ਦੀ ਜ਼ਮੀਨ ‘ਤੇ ਕਬਜ਼ੇ ਦਾ ਐਲਾਨ, ਕਣਕ ਤੋਂ ਬਾਅਦ ਫ਼ਸਲ ਨਹੀੰ ਬੀਜ ਸਕਣਗੇ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੇ ਕਹਿਰ ਦੌਰਾਨ ਹੀ ਪਿੰਡ ਐਤੀਆਣਾ ਦੇ ਸੈਂਕੜੇ ਕਿਸਾਨਾਂ ਉੱਪਰ ਵਿਕਾਸ ਦੇ ਨਾਂ ਹੇਠ ਇੱਕ ਹੋਰ ਕਹਿਰ ਢਾਹੁਣ ਲਈ ਤਿਆਰੀ ਕਸ ਲਈ ਹੈ। ਸੂਬਾ ਸਰਕਾਰ ਨੇ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਵਿਕਾਸ ਲਈ ਪਿੰਡ ਐਤੀਆਣਾ ਦੇ ਕਿਸਾਨਾਂ ਦੀ 161.2703 ਏਕੜ ਜ਼ਮੀਨ ਉੱਪਰ ਚੋਰ ਦਰਵਾਜ਼ਿਓਂ ਕਬਜ਼ਾ ਹਾਸਲ ਕਰਨ ਲਈ ਸਬੰਧਤ ਕਾਨੂੰਗੋ ਅਤੇ ਪਟਵਾਰੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਗਲਾਡਾ ਦੇ ਭੂਮੀ ਗ੍ਰਹਿਣ ਕੁਲੈਕਟਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਿੰਡ ਐਤੀਆਣਾ ਵਿੱਚ ਅੱਜ ਆਮ ਮੁਨਾਦੀ ਕਰਵਾ ਦਿੱਤੀ ਗਈ ਹੈ।

ਗਲਾਡਾ ਦੇ ਭੂਮੀ ਗ੍ਰਹਿਣ ਕੁਲੈਕਟਰ ਭੁਪਿੰਦਰ ਸਿੰਘ ਅਨੁਸਾਰ ਪਿੰਡ ਐਤੀਆਣਾ ਦੇ ਕਿਸਾਨਾਂ ਦੀ 161.2703 ਏਕੜ ਜ਼ਮੀਨ 7 ਫਰਵਰੀ ਦੇ ਭੌਂ ਐਵਾਰਡ ਨੰਬਰ 13 ਰਾਹੀਂ ਗ੍ਰਹਿਣ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਉਪਰੰਤ ਪਿੰਡ ਐਤੀਆਣਾ ਦੇ ਕਿਸਾਨਾਂ ਨੂੰ ਅੱਗੋਂ ਹੋਰ ਫ਼ਸਲ ਦੀ ਕਾਸ਼ਤ ਤੋਂ ਵਰਜਣ ਲਈ ਆਮ ਮੁਨਾਦੀ ਕਰਵਾ ਕੇ ਕਿਸਾਨਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਕਿ ਕਬਜ਼ਾ ਹਾਸਲ ਕਰ ਲਿਆ ਗਿਆ ਹੈ। ਹਲਕਾ ਪਟਵਾਰੀ ਨੂੰ ਰੋਜ਼ਨਾਮਚੇ ਵਿੱਚ ਰਿਪੋਰਟ ਦਰਜ ਕਰਨ ਉਪਰੰਤ ਤੁਰੰਤ ਇਸ ਦੀ ਸੂਚਨਾ ਭੇਜਣ ਦੀ ਹਦਾਇਤ ਕਰ ਦਿੱਤੀ ਗਈ ਹੈ।

ਉਧਰ ਪਿੰਡ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਐੱਸਡੀਐੱਮ ਰਾਏਕੋਟ ਵੱਲੋਂ ਪੰਚਾਇਤ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਬੇਮੌਸਮੇ ਮੀਂਹ ਤੇ ਮੰਡੀਆਂ ਵਿੱਚ ਦਾਖ਼ਲੇ ਲਈ ਆਪਣੀ ਵਾਰੀ ਦੇ ਟੋਕਨ ਨੂੰ ਉਡੀਕਦੇ ਕਿਸਾਨ ਤਾਂ ਕਰੋਨਾ ਦੀ ਮਹਾਮਾਰੀ ਕਾਰਨ ਪਹਿਲਾਂ ਹੀ ਭੈਭੀਤ ਸਨ, ਪਰ ਇਸ ਸਰਕਾਰੀ ਆਦੇਸ਼ ਨੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਹੈ। ਪਿਛਲੇ ਸਾਲ 27 ਜੂਨ ਨੂੰ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰੁਸਤੀਆਂ ਕਰਨ ਲਈ ਲਾਏ ਵਿਸ਼ੇਸ਼ ਕੈਂਪ ਦੇ ਬਾਵਜੂਦ ਜ਼ਮੀਨੀ ਰਿਕਾਰਡ ਵਿੱਚ ਖ਼ਾਮੀਆਂ ਦੂਰ ਨਾ ਕੀਤੀਆਂ ਜਾ ਸਕੀਆਂ। ਕਰੀਬ ਢਾਈ ਮਹੀਨੇ ਪਹਿਲਾਂ 17 ਫਰਵਰੀ ਨੂੰ ਰਿਕਾਰਡ ਦਰੁਸਤ ਕਰਨ ਲਈ ਮਾਲ ਵਿਭਾਗ ਵੱਲੋਂ ਇੱਕ ਹੋਰ ਵਿਸ਼ੇਸ਼ ਕੈਂਪ ਲਾਇਆ ਗਿਆ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।

ਅਰਸਾ ਪਹਿਲਾਂ ਜਹਾਨੋਂ ਕੂਚ ਕਰ ਗਏ ਦੋ ਦਰਜਨ ਦੇ ਕਰੀਬ ਕਿਸਾਨਾਂ ਦੇ ਨਾਮ ਮਾਲ ਰਿਕਾਰਡ ਵਿੱਚ ਅੱਜ ਵੀ ਬੋਲਦੇ ਹਨ। ਰਿਕਾਰਡ ਵਿੱਚ ਕੁੱਝ ਨਾਮ ਅਜਿਹੇ ਵੀ ਹਨ, ਜਿਨ੍ਹਾਂ ਨੂੰ ਪਿੰਡ ਵਾਲੇ ਜਾਣਦੇ ਤੱਕ ਨਹੀਂ। ਪਿੰਡ ਦੇ ਪੰਚ ਜਗਦੀਪ ਸਿੰਘ ਨੇ ਦੱਸਿਆ ਕਿ ਫ਼ਰਦ ਕੇਂਦਰ ਕਰੋਨਾ ਮਹਾਮਾਰੀ ਕਾਰਨ ਬੰਦ ਪਏ ਹਨ, ਜਿਸ ਕਰ ਕੇ ਵਪਾਰਕ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦਾ ਕਰਜ਼ਾ ਜ਼ਮੀਨੀ ਰਿਕਾਰਡ ਵਿੱਚ ਬੋਲਦਾ ਹੈ ਅਤੇ ਫ਼ਰਦ ਨਾ ਮਿਲਣ ਕਾਰਨ ਉਹ ਜ਼ਮੀਨਾਂ ਫੱਕ ਨਹੀਂ ਹੋ ਸਕੀਆਂ। ਸਭ ਤੋਂ ਵੱਧ ਮਾਰ ਹੇਠ ਆਉਣ ਵਾਲੇ ਕਿਸਾਨ ਪਰਿਵਾਰ ਸੋਹਣ ਸਿੰਘ ਕਲਕੱਤਾ ਅਤੇ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਜ਼ਮੀਨਾਂ ਦੇ ਹਿੱਸੇਦਾਰ ਪਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਫਸੇ ਬੈਠੇ ਹਨ।