India Punjab

ਪੰਜਾਬ ਦੇ ਅੰਨਦਾਤੇ ਨਾਲ ਪੂਰੇ ਮੁਲਕ ਦਾ ਢਿੱਡ ਭਰਨ ਲੱਗਿਆ, ਗੁਦਾਮ ਖਾਲ਼ੀ ਹੋਣ ਲੱਗੇ

‘ਦ ਖ਼ਾਲਸ ਬਿਊਰ :- ਕੌਮੀ ਆਫ਼ਤ ਕੋਰੋਨਾਵਾਇਰਸ ਮਹਾਂਮਾਰੀ ਦੀ ਘੜੀ ’ਚ ਪੰਜਾਬ ਪੂਰੇ ਮੁਲਕ ਲਈ ਅੰਨਦਾਤਾ ਬਣਿਆ ਹੈ। ਗਰੀਬ ਲੋਕਾਂ ਦਾ ਢਿੱਡ ਭਰਨ ਲਈ ਪੰਜਾਬ ਦੇ ਗੁਦਾਮਾਂ ’ਚੋਂ ਅਨਾਜ ਜਾਣ ਲੱਗਾ ਹੈ। ਲੱਖ ਦਿੱਕਤਾਂ ਦੇ ਬਾਵਜੂਦ ਤਾਲਾਬੰਦੀ ਪੰਜਾਬ ਲਈ ਧਰਵਾਸ ਵੀ ਬਣੀ ਹੈ। ਪੰਜਾਬ ਅੱਗੇ ਵੱਡਾ ਮਸਲਾ ਅਨਾਜ ਭੰਡਾਰਨ ਦਾ ਸੀ। ਹੁਣ ਜਦੋਂ ਪੰਜਾਬ ਦੇ ਗੁਦਾਮਾਂ ਖਾਲੀ ਹੋਣ ਲੱਗੇ ਹਨ ਤਾਂ ਸੂਬਾ ਸਰਕਾਰ ਨੇ ਰਾਹਤ ਮਹਿਸੂਸ ਕੀਤੀ ਹੈ। ਬੇਸ਼ੱਕ ਕੇਂਦਰ ਸਰਕਾਰ ਨੇ ਅੰਨਦਾਤੇ ਦੇ ਪਸੀਨੇ ਦੀ ਕਦੇ ਵੁੱਕਤ ਨਹੀਂ ਪਾਈ ਪ੍ਰੰਤੂ ਹੁਣ ਭੀੜ ਪੈਣ ’ਤੇ ਪੰਜਾਬ ਦੇ ਅਨਾਜ ਨੇ ਹੀ ਕੇਂਦਰ ਦੀ ਲਾਜ ਰੱਖੀ ਹੈ।

ਤਾਲਾਬੰਦੀ ਮਗਰੋਂ ਤੇਜ਼ੀ ਨਾਲ ਪੰਜਾਬ ਦੇ ਗੁਦਾਮਾਂ ’ਚੋਂ ਉੱਚੀ ਦਰ ਨਾਲ ਅਨਾਜ ਦੂਸਰੇ ਰਾਜਾਂ ਵਿੱਚ ਗਿਆ ਹੈ। ਉੱਤਰ ਪ੍ਰਦੇਸ਼, ਬਿਹਾਰ, ਕਰਨਾਟਕਾ ਅਤੇ ਪੱਛਮੀ ਬੰਗਾਲ ਵਿਚ ਚੌਲਾਂ ਦੀ ਸਭ ਤੋੋਂ ਵੱਧ ਪਖ਼ਤ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 810 ਮਿਲੀਅਨ ਗਰੀਬ ਲੋਕਾਂ ਨੂੰ ਤਿੰਨ ਮਹੀਨੇ ਲਈ ਬਿਲਕੁਲ ਮੁਫ਼ਤ ਰਾਸ਼ਨ ਦਿੱਤਾ ਜਾਣਾ ਹੈ। ਵੇਰਵਿਆਂ ਅਨੁਸਾਰ ਤਾਲਾਬੰਦੀ ਮਗਰੋਂ ਲੰਘੇ ਇੱਕ ਮਹੀਨੇ ਦੌਰਾਨ ਪੰਜਾਬ ’ਚੋਂ 20 ਲੱਖ ਮੀਟਰਿਕ ਟਨ ਅਨਾਜ ਦੂਸਰੇ ਰਾਜਾਂ ਨੂੰ 800 ਸਪੈਸ਼ਲਾਂ (ਰੇਲਵੇ) ਜ਼ਰੀਏ ਚਲਾ ਗਿਆ ਹੈ, ਜਿਸ ’ਚ 14.10 ਲੱਖ ਐੱਮ.ਟੀ. ਚੌਲ ਅਤੇ 5.90 ਲੱਖ ਕਣਕ ਸ਼ਾਮਲ ਹੈ। ਔਸਤਨ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ 25 ਸਪੈਸ਼ਲ ਟਰੇਨਾਂ ’ਚ ਅਨਾਜ ਮੁਲਕ ਭਰ ਵਿੱੱਚ ਜਾ ਰਿਹਾ ਹੈ।

ਪਿਛਲੇ ਵਰ੍ਹੇ ਦੀ ਔਸਤਨ ਵੇਖੀਏ ਤਾਂ ਪ੍ਰਤੀ ਮਹੀਨਾ ਪੌਣੇ ਪੰਜ ਸੌ ਸਪੈਸ਼ਲਾਂ (ਟਰੇਨਾਂ) ਜ਼ਰੀਏ ਹੀ ਅਨਾਜ ਭੇਜਿਆ ਗਿਆ ਜਦੋਂਕਿ 22 ਮਾਰਚ ਤੋਂ 23 ਅਪਰੈਲ 2020 ਦੇ ਇੱਕੋ ਮਹੀਨੇ ਵਿੱਚ 800 ਸਪੈਸ਼ਲਾਂ ’ਚ ਅਨਾਜ ਚਲਾ ਗਿਆ ਹੈ। ਇੱਥੋਂ ਤੱਕ ਕਿ ਜੋ ਮੰਡੀਆਂ ਵਿਚ ਹੁਣ ਕਣਕ ਆ ਰਹੀ ਹੈ, ਉਸ ਦੀਆਂ ਵੀ 10 ਸਪੈਸ਼ਲਾਂ ਲੋਡ ਹੋ ਕੇ ਚਲੀਆਂ ਗਈਆਂ ਹਨ। ਪੰਜਾਬ ਲਈ ਇਹ ਸੁਖ਼ਦ ਸੁਨੇਹਾ ਹੈ। ਉਂਜ, ਲੰਘੇ ਪੰਜ ਛੇ ਵਰ੍ਹਿਆਂ ਤੋਂ ਪੰਜਾਬ ਦੇ ਅਨਾਜ ਤੋਂ ਕੇਂਦਰ ਮੂੰਹ ਫੇਰਨ ਲੱਗਾ ਸੀ। ਤੱਥ ਬੋਲਦੇ ਹਨ ਕਿ ਪੰਜਾਬ ’ਚੋਂ ਸਾਲ 2014-15 ਵਿੱਚ ਅਨਾਜ ਦੇ ਭਰੇ 7370 ਰੇਲ ਰੈਕ ਦੂਸਰੇ ਸੂਬਿਆਂ ਵਿੱਚ ਗਏ ਸਨ। ਵਰ੍ਹਾਂ 2016-17 ’ਚ 6952 ਰੈਕ(214.09 ਲੱਖ ਐਮ.ਟੀ), ਸਾਲ 2017-18 ’ਚ 6095 ਰੈਕ (191.85 ਲੱਖ ਐਮ.ਟੀ) ਅਤੇ 2018-19 ਵਿੱਚ 5744 ਰੈਕ(179.38 ਲੱਖ ਐਮ.ਟੀ) ਪੰਜਾਬ ’ਚੋਂ ਦੂਸਰੇ ਰਾਜਾਂ ਵਿੱਚ ਗਏ ਸਨ।

ਪੰਜਾਬ ਵਿਚ ਇਸ ਵੇਲੇ ਹਰ ਤਰ੍ਹਾਂ ਦੇ 547 ਗੁਦਾਮ ਹਨ ਜਿਨ੍ਹਾਂ ਦੀ ਅਨਾਜ ਭੰਡਾਰਨ ਸਮਰੱਥਾ 234.24 ਲੱਖ ਮੀਟਰਿਕ ਟਨ ਦੀ ਹੈ। ਪੰਜਾਬ ਦੇ ਗੁਦਾਮਾਂ ਵਿੱਚ ਪਿਛਲੇ ਸਾਲਾਂ ਦਾ 102 ਲੱਖ ਐਮ.ਟੀ ਚੌਲ ਅਤੇ 75 ਲੱਖ ਐਮ.ਟੀ ਕਣਕ ਪਈ ਹੈ। ਐਤਕੀਂ ਕਣਕ ਦੀ ਨਵੀਂ ਫਸਲ 135 ਲੱਖ ਮੀਟਰਿਕ ਟਨ ਆਉਣ ਦਾ ਅਨੁਮਾਨ ਹੈ। ਭਾਵੇਂ ਚੌਲ ਮਿੱਲਾਂ ਵਿੱਚ ਕਣਕ ਭੰਡਾਰ ਕੀਤੀ ਜਾਣੀ ਹੈ ਪ੍ਰੰਤੂ ਖਾਲੀ ਹੋ ਰਹੇ ਗੁਦਾਮ ਪੰਜਾਬ ਲਈ ਠੁੰਮਣਾ ਜ਼ਰੂਰ ਬਣਨਗੇ। ਆਉਂਦੇ ਜੀਰੀ ਦੀ ਸੀਜ਼ਨ ਵਿੱਚ ਵੀ ਔਖ ਨਹੀਂ ਕੱਟਣੀ ਪਵੇਗੀ। ਪਿਛਲੇ ਵਰ੍ਹੇ ਪੰਜਾਬ ’ਚੋਂ ਅਨਾਜ ਦੀ 238.88 ਲੱਖ ਮੀਟਰਿਕ ਟਨ ਕੁੱਲ ਖ਼ਰੀਦ ਹੋਈ ਸੀ।
ਪੰਜਾਬ ਵਿੱਚ ਸਾਲ 2012-13 ਵਿਚ 85.58 ਲੱਖ ਮੀਟਰਿਕ ਟਨ ਜੀਰੀ ਦੀ ਖਰੀਦ ਹੋਈ ਸੀ ਜਦੋਂ ਕਿ ਸਾਲ 2019-20 ਵਿੱਚ 108.76 ਲੱਖ ਜੀਰੀ ਖ਼ਰੀਦ ਕੀਤੀ ਗਈ ਸੀ। ਇਵੇਂ ਹੀ ਪੰਜਾਬ ’ਚੋਂ ਸਾਲ 2015-16 ਵਿਚ 103.44 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ ਜੋ ਕਿ ਲੰਘੇ ਸੀਜ਼ਨ ਵਿੱਚ ਵਧ ਕੇ 129.12 ਲੱਖ ਐੱਮ.ਟੀ. ਦੀ ਹੋ ਗਈ ਹੈ। ਦੱਸਣਯੋਗ ਹੈ ਕਿ ਦੂਸਰੇ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਵਧਣ ਮਗਰੋਂ ਪੰਜਾਬ ਦੀ ਕਣਕ ਦੀ ਵੁੱਕਤ ਘੱਟ ਗਈ ਸੀ।

ਕੇਂਦਰ ਸਰਕਾਰ ਨੇ ਪੰਜਾਬ ਨੂੰ ਪੁਰਾਣਾ ਬਾਰਦਾਨਾ (ਇਕ ਵਾਰ ਵਰਤਿਆ) ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਤਾਲਾਬੰਦੀ ਮਗਰੋਂ ਬਾਰਦਾਨੇ ਦੇ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੇਂਦਰ ਤੋਂ ਇਹ ਪ੍ਰਵਾਨਗੀ ਮੰਗੀ ਸੀ। ਦੱਸਣਯੋਗ ਹੈ ਕਿ ਪੰਜਾਬ ਵਿੱਚ ਇਕ ਲੱਖ ਗੱਠ ਬਾਰਦਾਨਾ ਦੇਰੀ ਨਾਲ ਪੁੱਜੇਗਾ। ਇਸ ਲਈ ਪੁਰਾਣਾ ਬਾਰਦਾਨਾ ਵਰਤਿਆ ਜਾਵੇਗਾ।

ਪੰਜਾਬ ’ਚੋਂ ਮੂਵਮੈਂਟ ਤੇਜ਼ ਹੋਈ:
ਖੇਤੀ ਵਿਭਾਗ ਪੰਜਾਬ ਦੇ ਸਕੱਤਰ ਕਾਹਨ ਸਿੰਘ ਪੰਨੂ ਆਖਦੇ ਹਨ ਕਿ ਅਨਾਜ ਤੇਜ਼ੀ ਨਾਲ ਮੂਵ ਹੋਣ ਕਰਕੇ ਰਾਜ ਦੇ ਗੁਦਾਮਾਂ ਵਿੱਚ ਨਵੀਂ ਫ਼ਸਲ ਲਈ ਜਗ੍ਹਾ ਬਣ ਜਾਵੇਗੀ ਅਤੇ ਰੋਜ਼ਾਨਾ ਅਨਾਜ ਦੂਸਰੇ ਸੂਬਿਆਂ ਵਿੱਚ ਜਾਣ ਲੱਗਾ ਹੈ ਜਦੋਂ ਕਿ ਪਿਛਲੇ ਵਰ੍ਹਿਆਂ ਵਿੱਚ ਮੂਵਮੈਂਟ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਰਕੇ ਮੁਲਕ ’ਤੇ ਬਣੇ ਸੰਕਟ ਦੌਰਾਨ ਪੰਜਾਬ ਦਾ ਅੰਨਦਾਤਾ ਹੀ ਕੰਮ ਆਇਆ ਹੈ। ਉਨ੍ਹਾਂ ਦੱਸਿਆ ਕਿ ਨਵੀਂ ਫਸਲ ਵੀ ਸਿੱਧੀ ਦੂਸਰੇ ਸੂਬਿਆਂ ਲਈ ਲੋਡ ਹੋਣ ਲੱਗੀ ਹੈ ਜਿਸ ਨਾਲ ਕਈ ਖ਼ਰਚੇ ਵੀ ਬਚਣਗੇ।