ਚੰਡੀਗੜ੍ਹ ( ਹਿਨਾ ) ਦੇਸ਼ ਭਰ ਵਿੱਚ ਕੋਰੋਨਾ ਦੀ ਲੜੀ ਨੂੰ ਤੋੜਨ ਲਈ ਲਾਕਡਾਊਨ ਲਗਾ ਦਿੱਤਾ ਹੈ। ਇਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਕਰਫਿਊ ਲੱਗਿਆ ਹੋਇਆ ਹੈ, ਅਜਿਹੇ ਹਾਲਾਤ ਵਿੱਚ ਸਰਕਾਰ ਨੇ ਲੋਕਾਂ ਨੂੰ ਬੈਕਾਂ ਦੀ ਸਹੂਲਤ ਦੇਣ ਲਈ 30 ਤੋਂ 31 ਮਾਰਚ ਤੱਕ ਬੈਂਕਾਂ ਦੀ ਕਲੋਜ਼ਿੰਗ ਲਈ ਬੈਂਕ ਖੋਲਣ ਦੀ ਆਗਿਆ ਦੇ ਦਿੱਤੀ ਹੈ। ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੀ ਅਪੀਲ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਤੇ 31 ਮਾਰਚ ਦੇ ਲਈ ਡਿਪਟੀ ਕਮਿਸ਼ਨਰਾਂ ਨੂੰ ਖ਼ਾਸ ਹਿਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਵੱਲੋਂ ਹਫ਼ਤੇ ਵਿੱਚ ਕਰਫ਼ਿਊ ਦੌਰਾਨ ਕਿਸ-ਕਿਸ ਬੈਂਕ ਦੀਆਂ ਕਿੰਨੀਆਂ ਬਰਾਂਚਾਂ ਖੁੱਲ੍ਹਿਆਂ ਰਹਿਣਗੀਆਂ, ਇਸ ਬਾਰੇ ਵੀ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਹਨ।

30 ਤੇ 31 ਮਾਰਚ ਨੂੰ ਬੈਂਕਾਂ ਵਿੱਚ ਕਲੋਜ਼ਿੰਗ ਦਾ ਸਮਾਂ ਹੁੰਦਾ ਹੈ,ਇਸ ਦੇ ਲਈ ਬੈਂਕਾਂ ਦੇ ਖੋਲਣ ਨੂੰ ਲੈ ਕੇ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਕੁੱਝ ਦਿਸ਼ਾ-ਨਿਰਦੇਸ਼ ਤੈਅ ਕੀਤੇ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ 30 ਤੇ 31 ਮਾਰਚ ਨੂੰ ਬੈਂਕਾਂ ਦੀਆਂ ਸਾਰੀਆਂ ਹੀ ਬਰਾਂਚਾਂ ਖੁੱਲ੍ਹਿਆਂ ਰਹਿਣਗੀਆਂ। ਇਸ ਦੌਰਾਨ ਬੈਂਕ ਦੇ ਸਟਾਫ਼ ਨੂੰ ਕੋਈ ਪਰੇਸ਼ਾਨੀ ਨਾ ਆਵੇ,ਇਸ ਦੇ ਲਈ ਕਰਫ਼ਿਊ ਪਾਸ ਬਣਾਉਣ ਤੋਂ ਲੈ ਕੇ ਹਰ ਜ਼ਰੂਰੀ ਚੀਜ਼ ਮੁਹੱਈਆ ਕਰਵਾਉਣ ਦੇ ਲਈ ਡਿਪਟੀ ਕਮਿਸ਼ਨਰਾਂ ਨੂੰ ਹਿਦਾਇਤਾਂ ਦਿੱਤਿਆ ਗਈਆ ਹਨ।

ਇਸ ਕਲੋਜ਼ਿੰਗ ਤੋਂ ਬਾਅਦ 1 ਅਪ੍ਰੈਲ ਨੂੰ ਬੈਂਕਾਂ ਵਿੱਚ ਪਬਲਿਕ ਡੀਲਿੰਗ ਨਹੀਂ ਹੋਵੇਗੀ। ਅਜਿਹੇ ਵਿੱਚ ਬੈਂਕ ਮੁਲਾਜ਼ਮਾਂ ਨੂੰ ਇਸ ਦਿਨ ਦੇ ਲਈ ਪਾਸ ਲੈਣਾ ਹੋਵੇਗਾ ਅਤੇ 3 ਅਪ੍ਰੈਲ ਤੋਂ ਸਾਰੇ ਬੈਂਕਾਂ ਨੂੰ ਘੱਟ ਸਟਾਫ਼ ਨਾਲ ਬੈਂਕ ਖੋਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਬੈਂਕਾਂ ਦੀਆਂ ਬਰਾਂਚਾਂ ਹਫ਼ਤੇ ਵਿੱਚ ਸਿਰਫ਼ 2 ਦਿਨ ਹੀ ਖੋਲੀਆਂ ਜਾਣਗੀਆਂ, ਸ਼ਹਿਰ ਦੀਆਂ 1/3 ਬਰਾਂਚਾਂ ਨੂੰ ਖੋਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਜਦਕਿ ਸ਼ਹਿਰ ਦੀਆਂ ਦੂਜੀਆਂ ਬਰਾਂਚਾਂ ਅਗਲੇ ਹਫ਼ਤੇ ਖੁੱਲ੍ਹਣਗੀਆਂ। ਪੰਜਾਬ ਸਰਕਾਰ ਵੱਲੋਂ ਬੈਂਕਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਬੈਂਕ ਇਸ ਨੂੰ ਯਕੀਨੀ ਬਣਾਉਣ ਕਿ ਕੋਈ ਵੀ ATM ਖ਼ਾਲੀ ਨਾ ਰਹੇ, 24 ਘੰਟੇ ATM ਵਿੱਚ ਪੈਸੇ ਮੌਜੂਦ ਰਹਿਣ, ਖ਼ਾਸ ਕਰਕੇ ਪੇਂਡੂ ਖੇਤਰਾਂ ਵਿੱਚ ਬੈਂਕਿੰਗ ਸੇਵਾ ਬਿਲਕੁਲ ਵੀ ਪ੍ਰਭਾਵਿਤ ਨਾ ਹੋਵੇ। ਇਸਦੇ ਨਾਲ ਹੀ ਬੈਂਕਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਕਿ ਬੈਂਕ ਵਿੱਚ ਡੀਲਿੰਗ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਕੋਰੋਨਾਵਾਇਰਸ ਦੀ ਲਾਗ ਤੋਂ ਬਚਿਆ ਜਾਵੇ।