ਪੰਜਾਬ ਦੇ ਬਹੁਤ ਸਾਰਿਆਂ ਇਲਾਕਿਆਂ ’ਚ ਸ਼ਨੀਵਾਰ ਨੂੰ ਰੁਕ–ਰੁਕ ਕੇ ਵਰਖਾ ਹੋ ਰਹੀ ਸੀ। ਰੋਪੜ ਤੇ ਮੋਹਾਲੀ ਜ਼ਿਲ੍ਹਿਆਂ ’ਚ ਮੀਂਹ ਕੁੱਝ ਹਲਕਾ ਰਿਹਾ ਪਰ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਕਪੂਰਥਲਾ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ ਤੇ ਮੀਂਹ ਨਾਲ ਪਏ ਗੜਿਆਂ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਕਈ ਥਾਵਾਂ ’ਤੇ ਗੜਿਆਂ ਕਾਰਨ ਫ਼ਸਲ ਦੀ ਬਰਬਾਦੀ ਹੋ ਚੁੱਕੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੀਂਹ ਤੇ ਗੜੇਮਾਰੀ ਦਾ ਮਾੜਾ ਅਸਰ ਨਿਸ਼ਚਤ ਤੌਰ ’ਤੇ ਕਣਕ ਦੀ ਫ਼ਸਲ ਉੱਤੇ ਵੇਖਣ ਨੂੰ ਮਿਲ ਸਕਦਾ ਹੈ।

ਬੇਗੋਵਾਲ ਦੇ ਇੱਕ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੇਮੌਸਮੀ ਵਰਖਾ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦੇ ਝਾੜ ਉੱਤੇ ਮਾੜਾ ਅਸਰ ਪਵੇਗਾ ਤੇ ਫ਼ਸਲ ਨੂੰ ਕਾਫ਼ੀ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੈ। ਮੁੱਖ ਖੇਤੀ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਵਰਖਾ ਅਜੇ ਵੀ ਪੈ ਰਹੀ ਹੈ। ਕਪੂਰਥਲਾ ਜ਼ਿਲ੍ਹੇ ਦੇ ਮੁਕਾਬਲੇ ਜਲੰਧਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਮੀਂਹ ਦਾ ਜ਼ੋਰ ਕੁੱਝ ਘੱਟ ਹੈ।

ਇਸ ਮੀਂਹ ਕਾਰਨ ਇਲਾਕੇ ਦਾ ਤਾਪਮਾਨ ਇੱਕ ਵਾਰ ਫਿਰ ਹੇਠਾਂ ਚਲਾ ਗਿਆ ਹੈ। ਉਂਝ ਇਸ ਵੇਲੇ ਚੱਲ ਰਹੀ ਠੰਢ ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਵਧੀਆ ਹੁੰਦੀ ਹੈ। ਖ਼ਾਸ ਕਰ ਕੇ ਇਹ ਮੌਸਮ ਕਣਕ, ਸਰ੍ਹੋਂ ਤੇ ਛੋਲਿਆਂ ਦੀਆਂ ਫ਼ਸਲਾਂ ਲਈ ਲਾਹੇਵੰਦ ਵੀ ਦੱਸਿਆ ਜਾ ਰਿਹਾ ਹੈ ਜੇਕਰ ਹਵਾ ਬਹੁਤੀ ਤੇਜ਼ ਨਾ ਹੋਵੇ ਤੇ ਨਾ ਹੀ ਗੜੇਮਾਰ ਹੋਵੇ।

ਅੰਮ੍ਰਿਤਸਰ ’ਚ ਘੱਟੋ–ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ ਸੀ ਜੋ ਆਮ ਨਾਲੋਂ 5 ਡਿਗਰੀ ਘੱਟ ਹੈ। ਜ਼ਿਲ੍ਹੇ ’ਚ 16.3 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ। ਅੰਮ੍ਰਿਤਸਰ ਦੇ ਕਈ ਪਿੰਡਾਂ ’ਚ ਕਣਕ ਦੀ ਫ਼ਸਲ ਬਰਬਾਦ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਬਿਆਸ ਦਰਿਆ ਨੇ ਵੀ ਕਾਫ਼ੀ ਤਬਾਹੀ ਮਚਾਈ ਹੈ।