Punjab

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਸ਼ੁਰੂ, ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ

‘ਦ ਖ਼ਾਲਸ ਬਿਊਰੋ:- ਪੰਜਾਬ ਭਰ ਵਿੱਚ 10 ਜੂਨ ਯਾਨਿ ਕਿ ਅੱਜ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਚੁੱਕੀ ਹੈ। ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਇਹ ਪਹਿਲੀ ਵਾਰ ਹੋਇਆ ਕਿ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕੋਵਿਡ ਸੰਕਟ ਕਰ ਕੇ ਕਿਸਾਨਾਂ ਸਾਹਮਣੇ ਲੇਬਰ ਦਾ ਵੱਡਾ ਸੰਕਟ ਹੈ। ਉਂਜ, ਪੰਜਾਬ ਵਿਚ ਝੋਨੇ ਦੀ ਲੁਆਈ ਦਾ ਕੰਮ ਹਫਤੇ ਭਰ ਤੋਂ ਚੱਲ ਰਿਹਾ ਹੈ। ਖੇਤੀ ਮਹਿਕਮਾ ਵੀ ਲੇਬਰ ਸੰਕਟ ਦੇ ਮੱਦੇਨਜ਼ਰ ਸਮੇਂ ਤੋਂ ਪਹਿਲਾਂ ਲੁਆਈ ਰੋਕਣ ਪ੍ਰਤੀ ਨਰਮ ਰਿਹਾ ਹੈ।

ਪੰਜਾਬ ਖੇਤੀ ਵਿਭਾਗ ਵੱਲੋਂ ਇਸ ਵਾਰ 27 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ ਕਰੀਬ 7 ਲੱਖ ਹੈਕਟੇਅਰ ਰਕਬਾ ਬਾਸਮਤੀ ਹੇਠ ਆਉਣ ਦਾ ਅੰਦਾਜ਼ਾ ਹੈ। ਲੇਬਰ ਸੰਕਟ ਦੇ ਡਰੋਂ ਕਿਸਾਨਾਂ ਨੇ ਐਤਕੀਂ ਸਿੱਧੀ ਬਿਜਾਈ ਨੂੰ ਵੀ ਕਾਫੀ ਤਰਜੀਹ ਦਿੱਤੀ ਹੈ ਅਤੇ ਹੁਣ ਤੱਕ ਕਰੀਬ 5 ਲੱਖ ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਂਦ ਹੋ ਚੁੱਕੀ ਹੈ, ਜੋ ਪਿਛਲੇ ਸਾਲ ਸਿਰਫ਼ 60 ਹਜ਼ਾਰ ਹੈਕਟੇਅਰ ਹੀ ਸੀ। ਵੇਰਵਿਆਂ ਅਨੁਸਾਰ ਪੰਜਾਬ ਵਿੱਚ 10 ਜੂਨ ਤੋਂ ਪਹਿਲਾਂ ਹੀ ਕਰੀਬ 10 ਤੋਂ 15 ਫੀਸਦੀ ਝੋਨਾ ਲਾਇਆ ਜਾ ਚੁੱਕਾ ਹੈ। ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਲੁਆਈ ਰੋਕਣ ਨੂੰ ਐਤਕੀਂ ਵਕਾਰ ਦਾ ਸੁਆਲ ਨਹੀਂ ਬਣਾਇਆ, ਪਰ ਇੱਕਾ-ਦੁੱਕਾ ਘਟਨਾਵਾਂ ਜ਼ਰੂਰ ਵਾਪਰੀਆਂ ਹਨ। ਲੁਧਿਆਣਾ ਦੇ ਬਲਾਕ ਦੋਰਾਹਾ ਦੇ ਇੱਕ ਪਿੰਡ ਵਿਚ ਅਗਾਊਂ ਲੁਆਈ ਰੋਕਣ ਗਏ ਖੇਤੀ ਵਿਕਾਸ ਅਫਸਰ ’ਤੇ ਕਿਸਾਨਾਂ ਨੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਕਿਸਾਨਾਂ ਖ਼ਿਲਾਫ਼ ਕੇਸ ਵੀ ਦਰਜ ਹੋਇਆ ਹੈ। ਬਰਨਾਲਾ ਦੇ ਪਿੰਡ ਸਹਿਜੜਾ ਵਿਚ ਵੀ ਖੇਤੀ ਅਫਸਰਾਂ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ ਸੀ। ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਨੇ ਤਾਂ ਫੂਲ ਬਲਾਕ ਦੇ ਪਿੰਡਾਂ ਵਿਚ ਅਗਾਊਂ ਲੁਆਈ ਗੱਜ-ਵੱਜ ਕੇ ਕੀਤੀ ਹੈ। ਸੇਮ ਪ੍ਰਭਾਵਿਤ ਪਿੰਡਾਂ ਵਿਚ ਸੱਠਾ ਝੋਨਾ ਮਹੀਨਾ ਪਹਿਲਾਂ ਲੱਗ ਚੁੱਕਾ ਹੈ। ਮੁਕਤਸਰ ਦੇ ਪਿੰਡ ਦੋਦਾ ਦੇ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਸੱਠਾ ਝੋਨਾ ਤਾਂ ਨਿੱਸਰ ਵੀ ਚੁੱਕਾ ਹੈ ਅਤੇ ਦੂਸਰੇ ਝੋਨੇ ਦੀ ਵੀ ਕਰੀਬ 20 ਫੀਸਦੀ ਲੁਆਈ ਹੋ ਚੁੱਕੀ ਹੈ।

ਝੋਨੇ ਦੀ ਲੁਆਈ ਨੂੰ ਦੇਖਦਿਆਂ ਨਹਿਰੀ ਮਹਿਕਮੇ ਨੇ ਵੀ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਹੈ। ਕੋਟਲਾ ਬਰਾਂਚ ਦੀ ਟੇਲ ਤੱਕ ਹਾਲੇ ਪਾਣੀ ਪੁੱਜਾ ਨਹੀਂ ਹੈ। ਇਸ ਦੌਰਾਨ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਸਿੱਧੀ ਬਿਜਾਈ ਹੇਠ ਕਰੀਬ 5 ਲੱਖ ਏਕੜ ਰਕਬਾ ਆ ਗਿਆ ਹੈ, ਜਿਸ ਕਰਕੇ ਕਿਸਾਨਾਂ ਨੇ ਸਮੇਂ ਤੋਂ ਪਹਿਲਾਂ ਲੁਆਈ ਵਿੱਚ ਦਿਲਚਸਪੀ ਨਹੀਂ ਵਿਖਾਈ। ਉਨ੍ਹਾਂ ਦੱਸਿਆ ਕਿ ਬਿਜਲੀ-ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਦਾ ਕੰਮ 30 ਜੁਲਾਈ ਤੱਕ ਨਿੱਬੜ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਇਸਦੇ ਨਾਲ ਹੀ ਉਹਨਾਂ ਨੇ ਝੋਨੇ ਦੀ ਲੁਆਈ ਸਮੇਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।