The Khalas Tv Blog Punjab ਪੰਜਾਬ ਆਉਣ ਵਾਲਿਆਂ ਲਈ ਖ਼ਾਸ ਹਦਾਇਤਾਂ ਜਾਰੀ
Punjab

ਪੰਜਾਬ ਆਉਣ ਵਾਲਿਆਂ ਲਈ ਖ਼ਾਸ ਹਦਾਇਤਾਂ ਜਾਰੀ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੂਸਰੇ ਸੂਬਿਆਂ ’ਚੋਂ ਪੰਜਾਬ ’ਚ ਦਾਖਲ ਹੋਣ ’ਤੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ਅਤੇ ਖਾਸ ਕਰਕੇ ਦਿੱਲੀ ਤੋਂ ਪੰਜਾਬ ’ਚ ਦਾਖਲ ਹੋਣ ਵਾਲਿਆਂ ਦੀ ਸਖਤ ਜਾਂਚ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਉੱਤੇ ਆਪਣੇ ਹਫ਼ਤਾਵਾਰੀ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸੁਆਲ’ ਵਿੱਚ ਬੋਲਦਿਆਂ ਕਿਹਾ ਕਿ ਬਾਹਰੋਂ ਆਉਣ ਵਾਲੇ ਪੰਜਾਬੀ ਦਿੱਲੀ ਦੇ ਹਸਪਤਾਲ ਦੀ ਸਿਫਾਰਿਸ਼ ’ਤੇ ਪੰਜਾਬ ਵਿੱਚ ਇਲਾਜ ਲਈ ਆ ਸਕਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਸ਼ੁੱਕਰਵਾਰ ਇੱਕੋ ਦਿਨ ’ਚ ਹੀ ਦਿੱਲੀ ਤੇ ਹਰਿਆਣਾ  ਤੋਂ 6500 ਵਾਹਨ ਪੰਜਾਬ ’ਚ ਦਾਖਲ ਹੋਏ ਹਨ ਜਿਸ ਨਾਲ ਕਰੀਬ 20 ਹਜ਼ਾਰ ਨਵੇਂ ਲੋਕ ਪੰਜਾਬ ਆਏ ਹਨ।

ਕੈਪਟਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਦਗੀ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਦੱਸੇ ਜਾਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਕੈਪਟਨ ਨੇ ਕਿਹਾ ਕਿ ਸੂਬੇ ਵਿਚ ਇੱਕ ਮਹੀਨੇ ’ਚ ਕਰੀਬ 43 ਹਜ਼ਾਰ ਲੋਕ ਬਾਹਰੋਂ ਆਏ ਹਨ। ਉਹਨਾਂ ਦੱਸਿਆ ਕਿ ਤਿੰਨ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਵੱਧ ਕੇਸ ਦੇਖੇ ਗਏ ਹਨ।

ਮੁੱਖ ਮੰਤਰੀ ਕੈਪਟਨ ਨੇ ਦੱਸਿਆ ਕਿ  ਹੁਣ ਤੱਕ 1,65,000 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਟੈਸਟਿੰਗ ਵਧਣ ਕਰਕੇ ਹੋਰ ਕੇਸ ਮਿਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਛੇਤੀ ਹੀ ਪਠਾਨਕੋਟ ਤੇ ਗੁਰਦਾਸਪੁਰ ਵਿਖੇ ਟੈਸਟਾਂ ਦੀ ਸਹੂਲਤ ਸ਼ੁਰੂ ਕੀਤੀ  ਜਾਵੇਗੀ। ਪੰਜਾਬ ਸਰਕਾਰ ਨੇ ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਅਤੇ ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰੇਲੂ ਏਕਾਂਤਵਾਸ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਸਿਹਤ ਸਿਸਟਮ ’ਤੇ ਬੋਝ ਨਾ ਪਵੇ। ਡਿਪਟੀ ਕਮਿਸ਼ਨਰਾਂ ਨੂੰ ਸਾਰੀਆਂ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਾਂ ਨੂੰ ਹਫਤੇ ਦੇ ਅੰਤਲੇ ਦਿਨਾਂ ਅਤੇ ਸਰਕਾਰੀ ਛੁੱਟੀ ਵਾਲੇ ਦਿਨਾਂ ਵਿੱਚ ਹੋਮ ਡਲਿਵਰੀ ਦੀ ਸਹੂਲਤ ਹੋਵੇਗੀ ਅਤੇ ਇਸੇ ਤਰ੍ਹਾਂ ਉਦਯੋਗਿਕ ਗਤੀਵਿਧੀ ’ਤੇ ਕੋਈ ਪਾਬੰਦੀ ਨਹੀਂ ਹੈ।

ਕੈਪਟਨ ਨੇ ਪੰਜਾਬ ਵਿੱਚ ਫਿਲਮਾਂ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਦਿੱਤੀ, ਪਰ ਇਸਦੀ ਆਗਿਆ ਲੈਣੀ ਅਤਿ ਜ਼ਰੂਰੀ ਹੋਵੇਗੀ।

ਇਮਤਿਹਾਨਾਂ ਬਾਰੇ ਫੈਸਲਾ 1 ਜੁਲਾਈ ਨੂੰ

ਪੰਜਾਬ ’ਚ ਕਾਲਜ ਤੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਬਾਰੇ ਫੈਸਲਾ ਪਹਿਲੀ ਜੁਲਾਈ ਨੂੰ ਲਿਆ ਜਾਵੇਗਾ। ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਖੋਲ੍ਹੇ ਜਾਣ ਦਾ ਫੈਸਲਾ ਵੀ 30 ਜੂਨ ਤੋਂ ਮਗਰੋਂ ਹੀ ਲਿਆ ਜਾਣਾ ਹੈ। ਕੇਂਦਰ ਸਰਕਾਰ ਵੱਲੋਂ ਪਹਿਲੀ ਜੁਲਾਈ ਨੂੰ ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ, ਜਿਨ੍ਹਾਂ ਤਹਿਤ ਹੀ ਪੰਜਾਬ ਸਰਕਾਰ ਅਗਲਾ ਕਦਮ ਚੁੱਕੇਗੀ।

 

Exit mobile version