‘ਦ ਖ਼ਾਲਸ ਬਿਊਰੋ :- ਹਾੜੀ ਦੇ ਸੀਜ਼ਨ ਦੌਰਾਨ ਮਹਾਰਾਸ਼ਟਰ ਵਿੱਚ ਕਣਕ ਦੀ ਵਾਢੀ ਲਈ ਕੰਬਾਈਨਾਂ ਨਾਲ ਗਏ ਪੰਜਾਬੀ ਮਜ਼ਦੂਰਾਂ ਨੂੰ ਵਾਪਸ ਲੈ ਕੇ ਆ ਰਹੀ ਬੱਸ ਨੂੰ ਪਾਤੜਾਂ ਪ੍ਰਸ਼ਾਸਨ ਨੇ ਅੰਤਰ-ਰਾਜੀ ਸਰਹੱਦ ਤੋਂ ਵਾਪਸ ਮੋੜ ਦਿੱਤਾ ਹੈ। ਪਿੰਡ ਢਾਬੀ ਗੁੱਜਰਾਂ ਵਿੱਚ ਨਾਕੇ ਉੱਤੇ ਤਾਇਨਾਤ ਪੁਲੀਸ ਫੋਰਸ ਨੇ ਉੱਚ ਅਧਿਕਾਰੀਆਂ ਨੂੰ ਮਜ਼ਦੂਰਾਂ ਦੇ ਆਉਣ ਬਾਰੇ ਸੂਚਿਤ ਕੀਤਾ। ਡੀਐੱਸਪੀ ਦਲਵੀਰ ਸਿੰਘ ਗਰੇਵਾਲ ਅਤੇ ਨਾਇਬ ਤਹਿਸੀਲਦਾਰ ਰਾਜਵਰਿੰਦਰ ਸਿੰਘ ਧਨੋਆ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਪਾਤੜਾਂ ਦੇ ਐੱਸਡੀਐੱਮ ਡਾ. ਪਾਲਿਕਾ ਅਰੋੜਾ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਇਲਾਕੇ ਵਿੱਚ ਕਣਕ ਦੀ ਕਟਾਈ ਲਈ ਕੰਬਾਈਨਾਂ ਨਾਲ ਗਏ 30 ਮਜ਼ਦੂਰ ਔਰੰਗਾਬਾਦ ਦੇ ਪ੍ਰਸ਼ਾਸਨ ਤੋਂ ਪਾਸ ਹਾਸਲ ਕਰਕੇ ਇੱਕ ਬੱਸ ਰਾਹੀਂ ਪੰਜਾਬ ਆ ਰਹੇ ਸਨ। ਇਨ੍ਹਾਂ ਵਿੱਚੋਂ 17 ਮਜ਼ਦੂਰ ਪਟਿਆਲਾ, 13-13 ਲੁਧਿਆਣਾ ਅਤੇ ਫਿਰੋਜ਼ਪੁਰ ਦੇ ਸਨ। ਸੂਬੇ ਵਿੱਚ ਕੋਰੋਨਾਵਾਇਰਸ ਦੀ ਨਾਜ਼ੁਕ ਹੁੰਦੀ ਸਥਿਤੀ ਨੂੰ ਧਿਆਨ ਵਿੱਚ ਰਖਦੇ ਹੋਏ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਵਾਪਸ ਔਰੰਗਾਬਾਦ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਿਮਾਰੀ ਦੇ ਵਧਦੇ ਪ੍ਰਕੋਪ ਨੂੰ ਧਿਆਨ ਵਿੱਚ ਰਖਦਿਆਂ ਸੂਬਾ ਸਰਕਾਰ ਨੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਉੱਤੇ ਪਾਬੰਦੀਆਂ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਦੇ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬਾਹਰੋਂ ਆਉਣ ਦੀ ਇਜਾਜ਼ਤ ਨਹੀਂ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਬਾਹਰ ਗਏ ਰਿਸ਼ਤੇਦਾਰ ਨੂੰ ਵਾਪਸ ਆਉਣ ਲਈ ਪ੍ਰੇਰਿਤ ਨਾ ਕਰੇ।