ਚੰਡੀਗੜ੍ਹ- ਖੰਨਾ ਵਿੱਚ ਕੋਰੋਨਾਵਾਇਰਸ ਦੇ ਸ਼ੱਕੀ ਇਕੋ ਹੀ ਪਰਿਵਾਰ ਦੇ 4 ਮੈਂਬਰਾਂ ਨੂੰ ਸ਼ਰੇਆਮ ਘੁੰਮਦਿਆਂ ਫੜਿਆ ਗਿਆ ਹੈ। ਇਹਨਾਂ ਚਾਰਾਂ ਨੂੰ ਆਈਸੋਲੇਟ ਰਹਿਣ ਲਈ ਕਿਹਾ ਗਿਆ ਸੀ। ਇਹਨਾਂ ਦੇ ਹੱਥਾਂ ਤੇ ਸਟੈਂਪ ਲੱਗਣ ਦੇ ਬਾਵਜੂਦ ਵੀ ਇਹ ਚਾਰੇ ਕਾਰ ਰਾਹੀ ਬਾਹਰ ਸਫਰ ਕਰ ਰਹੇ ਸਨ। ਪੰਜਾਬ ‘ਚ ਹੁਣ ਤੱਕ 21 ਲੋਕ ਪ੍ਰਭਾਵਿਤ ਹੋ ਚੁੱਕੇ ਹਨ।

ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਭਾਵ ਨਵਾਂਸ਼ਹਿਰ ਜ਼ਿਲ੍ਹੇ ’ਚ ਸੱਤ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ਦੇ ਟੈਸਟ ਅੱਜ ਐਤਵਾਰ ਨੂੰ ਪਾਜ਼ਿਟਿਵ ਨਿੱਕਲੇ। ਇਹ ਸਾਰੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਉਸ 70 ਸਾਲਾ ਵਿਅਕਤੀ ਦੇ ਸੰਪਰਕ ਵਿੱਚ ਰਹੇ ਸਨ ਜਿਸ ਦੀ ਬੀਤੇ ਦਿਨੀਂ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਸੀ।

ਨਵਾਂਸ਼ਹਿਰ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਇਨ੍ਹਾਂ 7 ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ। ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਜਿਸ 70 ਸਾਲਾ ਵਿਅਕਤੀ ਦਾ ਬੀਤੇ ਦਿਨੀਂ ਕੋਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ ਉਸ ਦੇ ਆਪਣੇ ਛੇ ਪਰਿਵਾਰਕ ਮੈਂਬਰਾਂ ਨੂੰ ਵੀ ਨਵਾਂਸ਼ਹਿਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਪਠਲਾਵਾ ਦੇ ਇਸ ਪਰਿਵਾਰ ਦੇ ਸੰਪਰਕ ’ਚ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ’ਚ ਗੜ੍ਹਸ਼ੰਕਰ ਲਾਗਲੇ ਪਿੰਡ ਮੋਰਾਂਵਾਲੀ ’ਚ 68 ਸਾਲਾ ਵਿਅਕਤੀ ਵੀ ਕੱਲ੍ਹ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਸੀ। ਉਸ ਤੋਂ ਬਾਅਦ ਪੁਲਿਸ ਨੇ ਜਿੱਥੇ ਕੱਲ੍ਹ ਹੀ ਪਿੰਡ ਮੋਰਾਂਵਾਲੀ ਦੇ ਬਾਹਰ ਪੱਕਾ ਨਾਕਾ ਲਾ ਦਿੱਤਾ ਸੀ; ਉੱਥੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਹਸਪਤਾਲ ਦੇ ਸਪੈਸ਼ਲ ਆਈਸੋਲੇਟਡ ਵਾਰਡ ਦੇ ਬਾਹਰ ਵੀ ਪੁਲਿਸ ਦਾ ਸਖ਼ਤ ਪਹਿਰਾ ਲਾਇਆ ਗਿਆ ਹੈ।
ਇਸ ਦੌਰਾਨ ਕੋਰੋਨਾਵਾਇਰਸ ਨਾਲ ਜੰਗ ਦੌਰਾਨ ਤੇ ਇਸ ਵਾਇਰਸ ਦੇ ਮੁਕੰਮਲ ਖਾਤਮੇ ਲਈ ਕੇਂਦਰ ਸਰਕਾਰ ਨੇ ਅੱਜ ‘ਜਨਤਾ–ਕਰਫ਼ਿਊ’ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਸਮੇਤ ਸਮੁੱਚਾ ਭਾਰਤ ਅੱਜ ਬੰਦ ਹੈ – ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲ ਰਹੀਆਂ ਹਨ।

ਬਿਹਾਰ ਦੇ ਪਟਨਾ ਏਮਸ ’ਚ ਕੋਰੋਨਾ ਨਾਲ ਪਹਿਲੀ ਮੌਤ ਕੱਲ੍ਹ ਸਨਿੱਚਰਵਾਰ ਦੇਰ ਰਾਤੀਂ ਹੋਈ ਸੀ। ਇਸ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ। ਦੇਸ਼ ’ਚ ਹੁਣ ਤੱਕ ਇਸ ਵਾਇਰਸ ਦੀ ਲਪੇਟ ’ਚ 354 ਵਿਅਕਤੀ ਆ ਚੁੱਕੇ ਹਨ। ਪੂਰੀ ਦੁਨੀਆ ’ਚ ਇਸ ਵੇਲੇ 3 ਲੱਖ 7 ਹਜ਼ਾਰ 278 ਵਿਅਕਤੀ ਕੋਰੋਨਾ ਕਰਕੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ। ਪੂਰੀ ਦੁਨੀਆ ’ਚ ਹੁਣ ਤੱਕ ਇਸ ਵਾਇਰਸ ਕਾਰਨ 13,049 ਲੌਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।