International Others

ਪ੍ਰਿੰਸ ਚਾਰਲਸ ਨੂੰ ਕੋਰੋਨਾਵਾਇਰਸ, ਪਤਨੀ ਕੈਮਿਲਾ ਸਮੇਤ ਕੁਆਰੰਟੀਨ ਕੀਤਾ

ਚੰਡੀਗੜ੍ਹ ਬਿਊਰੋ-ਪ੍ਰਿੰਸ ਆਫ ਵੇਲਜ਼ ਕੋਰੋਨਾਵਾਇਰਸ ਲਈ ਪੌਜ਼ੀਟਿਵ ਪਾਏ ਗਏ ਹਨ। ਕਲੈਰਿੰਸ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਬੁਲਾਰੇ ਨੇ ਦੱਸਿਆ, “71 ਸਾਲਾ ਪ੍ਰਿੰਸ ਨੂੰ ਸ਼ੁਰੂਆਤੀ ਲੱਛਣ ਨਜ਼ਰ ਆਏ ਹਨ ਪਰ ਅਜੇ ਉਨ੍ਹਾਂ ਦੀ ਸਿਹਤ ਠੀਕ ਹੈ।”
ਡਚੈੱਸ ਆਫ ਕੋਰਨਵੌਲ ਦਾ ਵੀ ਟੈਸਟ ਕੀਤਾ ਗਿਆ ਹੈ ਪਰ ਉਹ ਨੈਗੇਟਿਵ ਆਇਆ ਹੈ।
ਕਲੈਰਿੰਸ ਹਾਊਸ ਨੇ ਕਿਹਾ ਕਿ ਚਾਰਲਸ ਅਤੇ ਕੈਮਿਲਾ ਹੁਣ ਬਾਲਮੋਰਾਲ ਵਿਖੇ ਕੁਆਰੰਟੀਨ ਕੀਤੇ ਗਏ ਹਨ ਅਤੇ ਪ੍ਰਿੰਸ ਪਿਛਲੇ ਕੁਝ ਦਿਨਾਂ ਤੋਂ ਘਰ ਵਿੱਚ ਹੀ ਕੰਮ ਕਰ ਰਹੇ ਹਨ। ਇਕ ਅਧਿਕਾਰਤ ਬਿਆਨ ਵਿੱਚ ਲਿਖਿਆ ਹੈ, “ਸਰਕਾਰੀ ਅਤੇ ਡਾਕਟਰੀ ਸਲਾਹ ਅਨੁਸਾਰ ਪ੍ਰਿੰਸ ਅਤੇ ਡਚੈੱਸ ਹੁਣ ਸਕਾਟਲੈਂਡ ਵਿੱਚ ਘਰ ‘ਚ ਆਪਣੇ ਆਪ ਨੂੰ ਵੱਖ ਕਰਕੇ ਰਹਿ ਰਹੇ ਹਨ।
ਉਨ੍ਹਾਂ ਦੱਸਿਆ, “ਟੈਸਟ ਐਨਬੀਐਸ ਦੁਆਰਾ ਏਬਰਡੀਨਸ਼ਾਇਰ ਵਿੱਚ ਕੀਤੇ ਗਏ ਸਨ, ਜਿੱਥੇ ਉਨ੍ਹਾਂ ਟੈਸਟ ਕਰਨ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕੀਤਾ।”
ਉਨ੍ਹਾਂ ਅੱਗੇ ਦੱਸਿਆ, “ਇਹ ਪਤਾ ਲਾਉਣਾ ਅਜੇ ਸੰਭਵ ਨਹੀਂ ਹੈ ਕਿ ਪ੍ਰਿੰਸ ਨੇ ਵਾਇਰਸ ਕਿੱਥੋਂ ਫੜਿਆ ਕਿਉਂਕਿ ਹਾਲ ਹੀ ਦੇ ਹਫ਼ਤਿਆਂ ਦੌਰਾਨ ਉਨ੍ਹਾਂ ਦੀ ਜਨਤਕ ਭੂਮਿਕਾ ਵਿੱਚ ਕਾਫ਼ੀ ਵੱਧ ਰੁਝੇਵੇਂ ਰਹੇ ਹਨ।”