ਚੰਡੀਗੜ੍ਹ- ਕੋਰੋਨਾਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਰੇਲਵੇ ਨੇ ਅੱਜ ਇੱਕ ਵੱਡਾ ਕਦਮ ਚੁੱਕਦਿਆਂ 31 ਮਾਰਚ ਤੱਕ ਸਾਰੀਆਂ ਯਾਤਰੀ ਰੇਲ–ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ 22 ਮਾਰਚ ਦੀ ਅੱਧੀ ਰਾਤ ਤੱਕ ਕੇਵਲ ਮਾਲ–ਗੱਡੀਆਂ ਹੀ ਚੱਲਣਗੀਆਂ। ਕੋਰੋਨਾਵਾਇਰਸ ਦੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਜਨਤਾ–ਕਰਫ਼ਿਊ ਦੇ ਮੱਦੇਨਜ਼ਰ ਦੇਸ਼ ਵਿੱਚ ਅੱਜ ਕੋਈ ਵੀ ਰੇਲ–ਗੱਡੀ ਨਹੀਂ ਚੱਲ ਰਹੀ।

ਬੀਤੀ ਰਾਤ ਤੋਂ ਅੱਜ ਰਾਤ ਦੇ 10 ਵਜੇ ਤੱਕ ਕਿਸੇ ਵੀ ਸਟੇਸ਼ਨ ਤੋਂ ਕੋਈ ਯਾਤਰੀ ਰੇਲ–ਗੱਡੀ ਨਹੀਂ ਚੱਲੇਗੀ। ਭਾਰਤੀ ਰੇਲਵੇ ਨੇ ਕੋਰੋਨਾਵਾਇਰਸ ਦੇ ਚੱਲਦਿਆਂ ਗ਼ੈਰ–ਜ਼ਰੂਰੀ ਯਾਤਰਾ ਉੱਤੇ ਰੋਕ ਲਾਉਣ ਦੇ ਮੰਤਵ ਨਾਲ ਲਗਭਗ 4,000 ਰੇਲ–ਗੱਡੀਆਂ ਰੱਦ ਕਰ ਦਿੱਤੀਆਂ ਹਨ; ਜਿਨ੍ਹਾਂ ਵਿੱਚੋਂ 2,400 ਯਾਤਰੀ ਰੇਲਾਂ ਤੇ 1,300 ਐਕਸਪ੍ਰੈੱਸ ਰੇਲਾਂ ਸ਼ਾਮਲ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਸਿਰਫ਼ ਕੁੱਝ ਰੂਟਾਂ ‘ਤੇ ਹੀ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਸਨ। ਮੇਲ, ਐਕਸਪ੍ਰੈਸ ਤੇ ਯਾਤਰੀ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਰੇਲ ਗੱਡੀਆਂ ਵਿੱਚ ਟਿਕਟ ਰੱਖਣ ਵਾਲੇ ਸਾਰੇ ਯਾਤਰੀਆਂ ਨੂੰ ਇਸ ਬਾਰੇ ਵੱਖਰੇ ਤੌਰ ‘ਤੇ ਦੱਸਿਆ ਜਾ ਰਿਹਾ ਹੈ। ਇਨ੍ਹਾਂ ਟ੍ਰੇਨਾਂ ਲਈ ਕੋਈ ਰੱਦ ਫੀਸ ਨਹੀਂ ਲਈ ਜਾਵੇਗੀ। ਯਾਤਰੀਆਂ ਨੂੰ 100 ਪ੍ਰਤੀਸ਼ਤ ਰਿਫੰਡ ਮਿਲੇਗਾ। ਯਾਤਰੀ 21 ਜੂਨ ਤੱਕ ਟਿਕਟ ਦੇ ਪੈਸੇ ਵਾਪਿਸ ਲੈ ਸਕਦੇ ਹਨ। ਕੋਰੋਨਾਵਾਇਰਸ ‘ਤੇ ਉੱਤੇ ਹੋਈ ਰੇਲਵੇ ਬੋਰਡ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਜਨਤਾ ਕਰਫ਼ਿਊ ਦੀ ਅਪੀਲ ਤੋਂ ਬਾਅਦ ਅੱਜ ਸਮੁੱਚਾ ਦੇਸ਼ ਬੰਦ ਵਿਖਾਈ ਦੇ ਰਿਹਾ ਹੈ। ਕਰੋੜਾਂ ਲੋਕਾਂ ਨੇ ਅੱਜ ਖੁਦ ਨੂੰ ਘਰਾਂ ਅੰਦਰ ਸੀਮਤ ਰੱਖਿਆ ਹੈ। ਸੜਕਾਂ ’ਤੇ ਅੱਜ ਵਿਰਲੇ-ਵਿਰਲੇ ਵਾਹਨ ਹੀ ਵਿਖਾਈ ਦੇ ਰਹੇ ਹਨ। ਸਵੇਰੇ 7 ਵਜੇ ਤੋਂ ਜਨਤਾ–ਕਰਫ਼ਿਊ ਪ੍ਰਭਾਵੀ ਹੋਣ ਤੋਂ ਬਾਅਦ ਲੋਕਾਂ ਨੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਪਹਿਲ ਅਧੀਨ ਆਪਣੇ-ਆਪ ਨੂੰ ਘਰਾਂ ਦੇ ਅੰਦਰ ਹੀ ਸੀਮਤ ਰੱਖਿਆ ਅਤੇ ਜਨਤਕ ਟ੍ਰਾਂਸਪੋਰਟ ਦੇ ਸਿਰਫ਼ ਕੁੱਝ ਵਾਹਨ ਹੀ ਖਾਲੀ ਸੜਕਾਂ ’ਤੇ ਵਿਖਾਈ ਦਿੱਤੇ।

Leave a Reply

Your email address will not be published. Required fields are marked *