ਚੰਡੀਗੜ੍ਹ:  ਚੰਡੀਗੜ੍ਹ ਦੇ ਸੈਕਟਰ-32 ਡੀ ਵਿੱਚ ਦੁਪਹਿਰ ਵੇਲੇ ਪੀ.ਜੀ. ਹਾਊਸ ’ਚ ਅਚਾਨਕ ਅੱਗ ਲੱਗਣ ਗਈ ਜਿਸ ਕਾਰਨ ਅੱਗ ‘ਚ ਝੁਲਸੀਆਂ ਤਿੰਨ ਲੜਕੀਆਂ ਦੀ ਮੌਤ ਹੋ ਗਈ। ਦੋ ਲੜਕੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਇਨ੍ਹਾਂ ਲੜਕੀਆਂ ਵਿੱਚੋਂ ਇਕ ਨੇ ਮਕਾਨ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ 4 ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਇੱਕ ਘੰਟੇ ਵਿੱਚ ਭਾਰੀ ਅੱਗ ’ਤੇ ਕਾਬੂ ਪਾਇਆ ਸੀ। ਮ੍ਰਿਤਕ ਰੀਯਾ ਵਾਸੀ ਕਪੂਰਥਲਾ (ਪੰਜਾਬ), ਪਾਕਸ਼ੀ ਵਾਸੀ ਕੋਟਕਪੂਰਾ (ਪੰਜਾਬ) ਅਤੇ ਮੁਸਕਾਨ ਵਾਸੀ ਹਿਸਾਰ (ਹਰਿਆਣਾ) ਦੀਆਂ ਰਹਿਣ ਵਾਲੀਆਂ ਸਨ।

ਫੋਟੋ: ਨਿਤਿਲ ਮਿੱਤਲ

 

ਅੱਗ ਹਾਦਸੇ ‘ਚ ਮਰੀ ਰੀਯਾ ਕਪੂਰਥਲਾ ਤੋਂ ਚੰਡੀਗੜ੍ਹ ਫ੍ਰੈਂਚ ਸਿਖਣ ਲਈ ਗਈ ਸੀ। ਫ੍ਰੈਂਚ ਸਿਖਣ ਤੋਂ ਬਾਅਦ ਉਸਨੇ ਆਹਣੀ ਮਾਂ ਕੋਲ ਪਰਾਗ ਜਾਣਾ ਸੀ।  ਇਹਨਾਂ ਦੇ ਨਾਲ ਰਹਿਣ ਵਾਲੀਆਂ ਫੇਮੀਨਾ ਅਤੇ ਜੈਸਮੀਨ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਇਨ੍ਹਾਂ ਦੇ ਇਲਾਜ ਲਈ ਸੈਕਟਰ-32 ਦੇ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ ਹੈ। ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮ੍ਰਿਤਕ ਘਰ ’ਚ ਭੇਜ ਦਿੱਤਾ ਹੈ। ਤਿੰਨੇ ਕੁੜੀਆਂ ਆਪਣਾ ਘਰ ਛੱਡ ਕੇ ਪੜਾਈ ਕਰਨ ਲਈ ਚੰਡੀਗੜ੍ਹ ਆਈਆਂ ਸੀ।

 

ਫੋਟੋ: ਨਿਤਿਲ ਮਿੱਤਲ

ਥਾਣਾ ਸੈਕਟਰ-34 ਦੇ ਮੁਖੀ ਬਲਦੇਵ ਕੁਮਾਰ ਨੇ ਦੱਸਿਆ ਕਿ ਸੈਕਟਰ-32 ’ਚ ਚੱਲ ਰਿਹਾ ਪੀ.ਜੀ. ਰਜਿਸਟਰਡ ਨਹੀਂ ਸੀ। ਉਨ੍ਹਾਂ ਦੱਸਿਆ ਕਿ ਘਰ ਦੇ ਮਾਲਕ ਅਤੇ ਪੀ.ਜੀ. ਚਲਾ ਰਹੇ ਨਿਤੇਸ਼ ਬਾਂਸਲ ਤੇ ਨਿਤੀਸ਼ ਪੋਪਲ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 336, 304, 188 ਅਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਘਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਗਈ ਹੈ। ਘਰ ’ਚ ਪੀ.ਵੀ.ਸੀ. ਲੱਗੀ ਹੋਣ ਕਰਕੇ ਅੱਗ ਕੁਝ ਮਿੰਟਾਂ ’ਚ ਇੰਨੀ ਭੜਕ ਗਈ ਕਿ ਤਿੰਨ ਲੜਕੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਘਰ ’ਚ ਹਾਜ਼ਰ ਦਰਜਨ ਭਰ ਲੜਕੀਆਂ ਵਿੱਚੋਂ ਕੁਝ ਲੜਕੀਆਂ ਬਾਹਰ ਭੱਜ ਗਈਆਂ ਪਰ ਪੰਜ ਲੜਕੀਆਂ ਅੰਦਰ ਫਸ ਗਈਆਂ ਸਨ। ਇਨ੍ਹਾਂ ਵਿੱਚੋਂ ਤਿੰਨ ਦੀ ਅੱਗ ’ਚ ਝੁਲਸਣ ਕਰਕੇ ਮੌਤ ਹੋ ਗਈ।

ਫੋਟੋ: ਨਿਤਿਲ ਮਿੱਤਲ

ਇਹ ਘਰ ਗੌਰਵ ਅਨੇਜਾ ਨਾਂਅ ਦੇ ਵਿਅਕਤੀ ਦਾ ਸੀ, ਜੋ ਖੁਦ ਸੈਕਟਰ-32 ’ਚ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਉਸ ਨੇ ਇਹ ਮਕਾਨ ਨਿਤੇਸ਼ ਬਾਂਸਲ ਨਾਂਅ ਦੇ ਵਿਅਕਤੀ ਨੂੰ ਕਿਰਾਏ ’ਤੇ ਦਿੱਤਾ ਹੋਇਆ ਸੀ। ਨਿਤੇਸ਼ ਬਾਂਸਲ ਇੱਥੇ ਪੀ.ਜੀ. ਹਾਊਸ ਚਲਾ ਰਿਹਾ ਸੀ। ਇਸ ਘਰ ’ਚ ਢਾਈ ਦਰਜਨ ਤੋਂ ਵੱਧ ਲੜਕੀਆਂ ਰਹਿ ਰਹੀ ਸੀ। ਘਟਨਾ ਤੋਂ ਤੁਰੰਤ ਬਾਅਦ ਥਾਣਾ ਸੈਕਟਰ-34 ਦੇ ਮੁਖੀ ਬਲਦੇਵ ਕੁਮਾਰ ਅਤੇ ਅੱਗ ਬੁਝਾਊ ਦਸਤੇ ਦੀ ਟੀਮ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਵੀ ਪੀ.ਜੀ. ਹਾਊਸ ਦੀ ਪ੍ਰਵਾਨਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *