ਚੰਡੀਗੜ੍ਹ-(ਪੁਨੀਤ ਕੌਰ) ਪਾਣੀ ਤੇ ਹਵਾ ਮਨੁੱਖ ਦੇ ਲਈ ਸਭ ਤੋਂ ਲੋੜੀਂਦੀਆਂ ਚੀਜਾਂ ਹਨ,ਜਿਸ ਤੇ ਸਾਰਿਆਂ ਦਾ ਜੀਵਨ ਨਿਰਭਰ ਕਰਦਾ ਹੈ,ਜੋ ਕਿ ਹੁਣ ਵੱਧ ਰਹੇ ਪ੍ਰਦੂਸ਼ਣ ਕਾਰਨ ਗਲੋਬਲ ਕੂੜੇਦਾਨ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਪੰਜਾਬ ਦਾ ਲਗਭਗ 40 ਫ਼ੀਸਦ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ ਕਿਉਂਕਿ ਇਸ ਵਿੱਚ ਖ਼ਤਰਨਾਕ ਰਸਾਇਣਾਂ,ਭਾਰੀ ਧਾਤਾਂ ਅਤੇ ਰੇਡੀਓਐਕਟਿਵ ਸਮੱਗਰੀ ਦੀ ਮਾਤਰਾ ਮਿੱਥੇ ਮਿਆਰਾਂ ਨਾਲੋਂ ਵੱਧ ਹੈ।

ਦਹਾਕਿਆਂ ਤੋਂ ਸਮੇਂ ਦੀ ਸਰਕਾਰ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਮਿਆਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਮਨੁੱਖੀ ਵਰਤੋਂ ਦੇ ਲਈ ਪਾਣੀ ਤਾਂ ਕੀ,ਪੰਜਾਬ ਦਾ 10 ਫ਼ੀਸਦ ਧਰਤੀ ਹੇਠਲਾ ਪਾਣੀ ਤਾਂ ਸਿੰਜਾਈ ਲਈ ਵੀ ਵਰਤੋਂ ਯੋਗ ਨਹੀਂ ਹੈ। 30 ਫ਼ੀਸਦ ਜ਼ਮੀਨੀ ਪਾਣੀ ਖਾਰਾ ਹੋ ਚੁੱਕਿਆ ਹੈ,ਜੋ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਹੈ।

 

ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ?

ਪੰਜਾਬ ਦੇ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ,ਬਠਿੰਡਾ,ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਮੁਕਤਸਰ ਦਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ। ਜ਼ਿਲ੍ਹਾ ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ, ਪਟਿਆਲਾ ਵਿਚਲਾ ਧਰਤੀ ਹੇਠਲਾ ਪਾਣੀ ਕੈਡਮੀਅਮ ਦੀ ਮਾਤਰਾ ਵੱਧ ਹੋਣ ਕਾਰਨ ਦੂਸ਼ਿਤ ਹੈ। ਸੰਗਰੂਰ, ਐੱਸਏਐੱਸ ਨਗਰ, ਤਰਨ ਤਾਰਨ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਰੂਪਨਗਰ ਦੇ ਪਾਣੀ ਵਿੱਚ ਕਰੋਮੀਅਮ ਦੀ ਮਾਤਰਾ ਵੱਧ ਹੈ ਜਦਕਿ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ (ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਬਰਨਾਲਾ, ਸੰਗਰੂਰ) ਵਿਚਲੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਤੋਂ ਇਲਾਵਾ ਯੂਰੇਨੀਅਮ (ਰੇਡੀਓਐਕਟਿਵ ਸਮੱਗਰੀ) ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ ਹੈ।

ਸਾਨੂੰ ਖੂਹ ਸੁੱਕਣ ਤੱਕ ਪਾਣੀ ਦੀ ਕੀਮਤ ਕਦੇ ਵੀ ਨਹੀਂ ਪਤਾ ਲੱਗੇਗੀ ਕਿਉਂਕਿ ਪਾਣੀ ਦਾ ਪ੍ਰਦੂਸ਼ਣ ਬਹੁਤ ਜਿਆਦਾ ਵੱਧ ਚੁੱਕਾ ਹੈ ਤੇ ਸਾਨੂੰ ਇਸ ਸਮੱਸਿਆ ਲਈ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸ਼ੁੱਧ ਪਾਣੀ ਵਿਸ਼ਵ ਦੀ ਪਹਿਲੀ ਤੇ ਸਭ ਤੋਂ ਵੱਡੀ ਦਵਾਈ ਹੈ।