Punjab

ਪਬਜੀ ਖੇਡਣ ਤੋਂ ਰੋਕਣ ‘ਤੇ 12 ਸਾਲਾ ਮੁੰਡੇ ਨੇ ਦਿੱਤੀ ਜਾਨ

‘ਦ ਖ਼ਾਲਸ ਬਿਊਰੋ :- ਮੋਬਾਈਲ ਫੋਨ ’ਤੇ ਪਬਜੀ ਗੇਮ ਖੇਡਣ ਤੋਂ ਰੋਕਣ ’ਤੇ ਛੇ ਦਿਨ ਪਹਿਲਾਂ ਰੁੱਸ ਕੇ ਘਰੋਂ ਭੱਜੇ ਸਥਾਨਕ ਭਾਰਤ ਨਗਰ ਦੇ 12 ਸਾਲਾ ਲੜਕੇ ਆਰੀਅਨ ਦੀ ਲਾਸ਼ ਅੱਜ ਗੋਤਾਖੋਰਾਂ ਨੂੰ ਭਾਖੜਾ ਨਹਿਰ ਵਿੱਚੋਂ ਮਿਲੀ ਹੈ। ਇਹ ਬੱਚਾ ਹੁਣੇ ਸੱਤਵੀਂ ਜਮਾਤ ’ਚ ਹੋਇਆ ਸੀ। ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਜਦੋਂ ਬੱਚਾ ਮੋਬਾਈਲ ਫੋਨ ’ਤੇ ‘ਪਬਜੀ’ ਗੇਮ ਖੇਡ ਰਿਹਾ ਸੀ, ਤਾਂ ਉਸ ਦੀ ਮਾਤਾ ਨੇ ਝਿੜਕ ਦਿੱਤਾ ਸੀ। ਇੱਕ ਵਾਰ ਤਾਂ ਪਰਿਵਾਰਕ ਮੈਂਬਰ ਉਸ ਨੂੰ ਘਰ ਵਾਪਸ ਲੈ ਆਏ ਸਨ ਪਰ ਗੇਮ ਨਾ ਖੇਡਣ ਲਈ ਦਬਾਅ ਪਾਉਣ ’ਤੇ ਉਹ ਮੁੜ ਬਿਨਾਂ ਦੱਸੇ ਘਰੋੋਂ ਚਲਾ ਗਿਆ ਸੀ। ਸੀਸੀਟੀਵੀ ਕੈਮਰੇ ਦੀ ਜਾਂਚ ਤੋਂ ਪੁਲੀਸ ਨੂੰ ਬੱਚੇ ਦੇ ਭਾਖੜਾ ਨਹਿਰ ਵੱਲ ਜਾਣ ਦਾ ਪਤਾ ਲੱਗਾ। ਅੱਜ ਸਵੇਰੇ ਗੋਤਾਖੋਰ ਸ਼ੰਕਰ ਭਾਰਦਵਾਜ ਦੀ ਟੀਮ ਨੂੰ ਆਰੀਅਨ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਸ਼ੁਤਰਾਣਾ ਖੇਤਰ ਵਿੱਚੋਂ ਮਿਲੀ। ਪੁਲੀਸ ਚੌਂਕੀ ਮਾਡਲ ਟਾਊਨ ਦੇ ਇੰਚਾਰਜ ਸਬ ਇੰਸਪੈਕਟਰ ਰੌਣੀ ਸਿੰਘ ਨੇ ਕਿਹਾ ਕਿ ਮੁੱਢਲੀ ਤਫ਼ਤੀਸ਼ ’ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ।