ਚੰਡੀਗੜ੍ਹ-(ਪੁਨੀਤ ਕੌਰ) ਪਟਿਆਲਾ ਵਿੱਚ ਬੁੱਧਵਾਰ ਦੇਰ ਰਾਤ 2 ਹਾਕੀ ਖਿਡਾਰੀਆਂ ਦਾ ਕਤਲ ਹੋ ਗਿਆ ਹੈ। ਇਹ ਘਟਨਾ ਰੇਲਵੇ ਫ਼ਾਟਕ ਨੰਬਰ 24 ਨੇੜੇ ਵਾਪਰੀ ਹੈ। ਕਤਲ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਸਿਮਰਜੀਤ ਸਿੰਘ ਹੈਪੀ ਤੇ ਅਮਰੀਕ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਬਿਜਲੀ ਬੋਰਡ ਵੱਲੋਂ ਹਾਕੀ ਦੇ ਵਧੀਆ ਖਿਡਾਰੀ ਸਨ ਤੇ ਇਸ ਸਮੇਂ ਬਿਜਲੀ ਬੋਰਡ ਦੇ ਮੁਲਾਜ਼ਮ ਸਨ।

ਪੁਲਿਸ ਮੁਤਾਬਿਕ ਦੋਵੇਂ ਮ੍ਰਿਤਕ ਘਟਨਾ ਤੋਂ ਪਹਿਲਾਂ ਪ੍ਰਤਾਪਨਗਰ ਤੋਂ ਆਪਣੇ ਸਾਥੀਆਂ ਨਾਲ ਖੇਡ ਕੇ ਵਾਪਸ ਘਰ ਆਉਣ ਲੱਗੇ ਸੀ ਕਿ ਉਨ੍ਹਾਂ ਦੀ ਮਨਜੀਤ ਨਗਰ ਦੇ ਇੱਕ ਢਾਬਾ ਮਾਲਕ ਤੇ ਉਸਦੇ ਪੁੱਤਰ ਨਾਲ ਝਗੜਾ ਹੋ ਗਿਆ ਸੀ। ਬਹਿਸ ਤੋਂ ਬਾਅਦ ਹਮਲਾਵਰ ਨੇ ਆਪਣੇ ਘਰ ਤੋਂ ਰਾਈਫ਼ਲ ਲਿਆ ਕੇ ਇਨ੍ਹਾਂ ‘ਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਫ਼ਾਇਰਿੰਗ ਦੌਰਾਨ ਅਮਰੀਕ ਸਿੰਘ ਦੇ ਸਿਰ ਵਿੱਚ ਗੋਲੀ ਲੱਗ ਗਈ ਸੀ। ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇੱਕ ਕਥਿਤ ਮੁਲਜ਼ਮ ਦੀ ਸ਼ਨਾਖ਼ਤ ਮਨੋਜ ਵਜੋਂ ਹੋਈ ਹੈ ਜੋ ਕਿ PSPCL ਬਿਜਲੀ ਬੋਰਡ ਦਾ ਹੀ ਮੁਲਾਜ਼ਮ ਹੈ। ਮਾਡਲ ਟਾਊਨ ਥਾਣਾ ਪੁਲਿਸ ਨੇ ਇਹ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।