ਚੰਡੀਗੜ੍ਹ: (ਦਿਲਪ੍ਰੀਤ ਸਿੰਘ) NEWS18 ਅਦਾਰੇ ਦੇ ਸਰਗਰਮ ਨੌਜਵਾਨ ਪੱਤਰਕਾਰ ‘ਅਮਨ ਬਰਾੜ’ ਦੀ ਗੰਭੀਰ ਬਿਮਾਰੀ ਕਾਰਨ ਹੋਈ ਬੇਵਕਤੀ ਮੌਤ ‘ਤੇ ‘ਦ ਖਾਲਸ ਟੀਵੀ ਦੀ ਟੀਮ ਬੇਹੱਦ ਦੁੱਖ ਦਾ ਪ੍ਰਗਟਾਵਾ ਕਰਦੀ ਹੈ।

 

NEWS18 ਦੇ ਸੀਨੀਅਰ ਪੱਤਰਕਾਰ ਯਾਦਵਿੰਦਰ ਕਰਫਿਊ ਤੋਂ ਲਈ ਜਾਣਕਾਰੀ ਮੁਤਾਬਿਕ 25 ਸਾਲਾ ਅਮਨ ਬਰਾੜ ਪਿਛਲੇ ਇੱਕ ਮਹੀਨੇ ਤੋਂ ਸਪਾਈਨ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਛੁੱਟੀ ਤੇ ਸੀ ਪਰ ਜ਼ਿੰਦਾਦਿਲ ਇਨਸਾਨ ਅਮਨ ਬਰਾੜ ਦੇ ਮਨ ‘ਚ ਪਤਾ ਨਹੀਂ ਅਜਿਹਾ ਕੀ ਆਇਆ ਕਿ ਅਮਨ ਨੇ ਜ਼ਿੰਦਗੀ ਤੋਂ ਹਾਰ ਕੇ ਮੌਤ ਦਾ ਰਾਹ ਆਪਣੇ ਆਪ ਹੀ ਚੁਣ ਲਿਆ। ਅਮਨ ਨੇ ਪਿਛਲੇ ਸਾਲ 2019 ‘ਚ NEWS 18 ‘ਚ ਟੀਵੀ ਦੀ ਪੱਤਰਕਾਰੀ ਸ਼ੁਰੂ ਕੀਤੀ ਸੀ ਅਤੇ ਇੱਕ ਸਾਲ ਵਿੱਚ ਅਮਨ ਨੇ ਸਖਤ ਮਿਹਨਤ ਕਰਕੇ ਪੱਤਰਕਾਰੀ ਦੇ ਖੇਤਰ ਚ ਆਪਣਾ ਨਾਂ ਬਣਾ ਲਿਆ ਸੀ। “ਗੁਰੂ ਨਾਨਕ ਸਾਹਿਬ ਪਾਤਸ਼ਾਹ” ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਅਮਨ ਬਰਾੜ ਨੇ ਡੇਰਾ ਬਾਬਾ ਨਾਨਕ ਤੋਂ ਬਹੁਤ ਹੀ ਸ਼ਾਨਦਾਰ ਰਿਪੋਰਟਿੰਗ ਕੀਤੀ ਸੀ। ਅਮਨ ਬਰਾੜ ਨੂੰ ਪੰਜਾਬ ਦੇ ਰਾਜਨੀਤਿਕ ਮੁੱਦਿਆਂ ਦੀ ਚੰਗੀ ਸਮਝ ਸੀ। NEWS18 ਤੋਂ ਪਹਿਲਾਂ ਅਮਨ HINDUSTAN TIMES, UC NEWS, BOLTA HINDUSTAN, INDIA NEWS PUNJAB ਵਿੱਚ ਕੰਮ ਕਰਦਾ ਸੀ।

 

25 ਅਪ੍ਰੈਲ 1996 ਨੂੰ ਜਨਮਿਆ ਅਮਨ ਬਰਾੜ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਕਾਉਣੀ ਦਾ ਰਹਿਣ ਵਾਲਾ ਸੀ। ਅਮਨ ਨੇ ਮੁੱਢਲੀ ਪੜ੍ਹਾਈ ਦੇਸ਼ ਭਗਤ ਰਾਏ ਸਿੰਘ ਸਕੂਲ, ਬਾਬਾ ਫਰੀਦ ਸੀਨੀ. ਸੈਕੰ. ਸਕੂਲ ਦਿਓਣ ਤੋਂ ਪ੍ਰਾਪਤ ਕੀਤੀ। ਸ਼ਾਇਦ ਅਮਨ ਬਰਾੜ ਪੰਜਾਬ ਦਾ ਪਹਿਲਾ ਨੌਜਵਾਨ ਸੀ, ਜਿਸਨੇ JNU ਦੇ ਅਦਾਰੇ IIMC ਤੋਂ ਪੱਤਰਕਾਰੀ ਦੀ ਡਿਗਰੀ ਹਾਸਲ ਕੀਤੀ ਸੀ।

ਵਿਅਕਤੀਗਤ ਰੂਪ ਵਿੱਚ ਅਮਨ ਮਿੱਠ-ਬੋਲੜਾ ਅਤੇ ਖੁਸ਼ਮਿਜਾਜ਼ ਇਨਸਾਨ ਸੀ। ਉਸਨੇ ਆਪਣੇ ਜਜ਼ਬੇ ਅਤੇ ਕੰਮ ਪ੍ਰਤੀ ਸਮਰਪਣ ਕਾਰਨ ਇੱਕ ਸਾਲ ਦੇ ਸਮੇਂ ਵਿੱਚ ਹੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਲਈ ਸੀ।

ਅਮਨ ਬਰਾੜ ਦੀ ਇਸ ਬੇਵਕਤੀ ਮੌਤ ਕਾਰਨ ਪੂਰਾ ਪੱਤਰਕਾਰ ਭਾਈਚਾਰਾ ਗਹਿਰੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ।