India

ਨਿਰਭਯਾ ਦੇ ਬਲਾਤਕਾਰੀਆਂ ਦੇ ਸਾਹ ਸੁੱਕਣ ਲੱਗੇ, ਫਾਂਸੀ ਕੱਲ ਨੂੰ

ਚੰਡੀਗੜ੍ਹ- ਨਿਰਭਯਾ ਦੇ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਮੰਗਲਵਾਰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ‘ਤੇ ਲਟਕਾਇਆ ਜਾਣਾ ਹੈ, ਪਰ ਚਾਰੇ ਦੋਸ਼ੀ ਆਪਣੀ ਫਾਂਸੀ ਟਾਲਣ ਲਈ ਪੂਰੀ ਵਾਹ ਲਾ ਰਹੇ ਹਨ। ਹੁਣ ਸੁਪਰੀਮ ਕੋਰਟ ਵੱਲੋਂ ਨਿਰਭਯਾ ਬਲਾਤਕਾਰ ਕੇਸ ਦੇ ਚਾਰ ਦੋਸ਼ੀਆਂ ‘ਚ ਸ਼ਾਮਲ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ,ਪਰ ਪਵਨ ਕੋਲ ਅਜੇ ਵੀ ਰਾਸ਼ਟਰਪਤੀ ਨੂੰ ਰਹਿਮ ਪਟੀਸ਼ਨ ਭੇਜਣ ਦਾ ਵਿਕਲਪ ਬਾਕੀ ਹੈ। ਪਵਨ ਨੇ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੀ ਗੁਹਾਰ ਲਾਈ ਸੀ। ਪਵਨ ਗੁਪਤਾ ਤੋਂ ਇਲਾਵਾ ਤਿੰਨ ਦੋਸ਼ੀਆਂ ਵਿਨੈ ਸ਼ਰਮਾ, ਮੁਕੇਸ਼ ਕੁਮਾਰ ਸਿੰਘ, ਅਕਸ਼ੇ ਕੁਮਾਰ ਦੇ ਕਨੂੰਨੀ ਵਿਕਲਪ ਪਹਿਲਾਂ ਖਤਮ ਹੋ ਚੁੱਕੇ ਹਨ।

ਅਜਿਹੇ ‘ਚ ਫਾਂਸੀ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਪਟਿਆਲਾ ਹਾਊਸ ਕੋਰਟ ‘ਚ ਦੋਸ਼ੀ ਪਵਨ ਤੇ ਅਕਸ਼ੈ ਦੀ ਪਟੀਸ਼ਨ ‘ਤੇ ਸੁਣਵਾਈ ਹੋਣੀ ਹੈ। ਪਟੀਸ਼ਨ ‘ਚ ਦੋਸ਼ੀਆਂ ਨੇ ਤਿੰਨ ਮਾਰਚ ਨੂੰ ਹੋਣ ਵਾਲੀ ਫਾਂਸੀ ਦੀ ਤਰੀਕ ਨੂੰ ਟਾਲਣ ਦੀ ਮੰਗ ਕੀਤੀ ਹੈ। ਨਿਰਭਯਾ ਬਲਾਤਕਾਰ ਅਤੇ ਕਤਲ ਮਾਮਲੇ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਚਾਰਾਂ ਦੋਸ਼ੀਆਂ ਵਿੱਚੋਂ ਇੱਕ ਪਵਨ ਕੁਮਾਰ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਅੱਜ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ। ਸੋਮਵਾਰ ਨੂੰ ਬੰਦ ਕਮਰੇ ‘ਚ ਸੁਣਵਾਈ ਹੋਈ। ਇਸ ਪਟੀਸ਼ਨ ‘ਤੇ 5 ਜੱਜਾਂ ਦੀ ਬੈਂਚ ਨੇ ਸੁਣਵਾਈ ਕੀਤੀ, ਜਿਸ ਵਿੱਚ ਜਸਟਿਸ ਐਨ.ਵੀ. ਰਮਨ, ਅਰੁਣ ਮਿਸ਼ਰਾ, ਆਰ.ਐੱਫ. ਨਰੀਮਨ, ਆਰ. ਭਾਨੁਮਤੀ ਅਤੇ ਅਸ਼ੋਕ ਭੂਸ਼ਣ ਸ਼ਾਮਿਲ ਸਨ।

ਰਾਸ਼ਟਰਪਤੀ ਕੋਲ ਭੇਜੀ ਰਹਿਮ ਪਟੀਸ਼ਨ

ਦੋਸ਼ੀ ਪਵਨ ਨੇ ਫਾਂਸੀ ਤੋਂ ਬਚਣ ਲਈ ਆਖ਼ਰੀ ਵਿਕਲਪ ਚੁਣ ਲਿਆ ਹੈ। ਉਸ ਨੇ ਸੁਪਰੀਮ ਕੋਰਟ ਵੱਲੋਂ ਕਿਊਰੇਟਿਵ ਪਟੀਸ਼ਨ ਰੱਦ ਕਰਨ ਦੇ ਕੁੱਝ ਦੇਰ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਰਹਿਮ ਪਟੀਸ਼ਨ ਭੇਜ ਦਿੱਤੀ ਹੈ। ਕਿਊਰੇਟਿਵ ਪਟੀਸ਼ਨ ਵਿੱਚ ਪਵਨ ਨੇ ਅਪਰਾਧ ਸਮੇਂ ਖੁਦ ਦੇ ਨਾਬਾਲਗ਼ ਹੋਣ ਦਾ ਦਾਅਵਾ ਕਰਦਿਆਂ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਕੀਤੀ ਸੀ। ਪਵਨ ਨੇ ਵਕੀਲ ਏ.ਪੀ. ਸਿੰਘ ਰਾਹੀਂ ਕਿਊਰੇਟਿਵ ਪਟੀਸ਼ਨ ਦਾਖ਼ਲ ਕਰਕੇ ਮਾਮਲੇ ਵਿੱਚ ਅਪੀਲਾਂ ਅਤੇ ਪੁਨਰਵਿਚਾਰ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।

ਵਕੀਲ ਏ.ਪੀ. ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਬੀਤੇ ਦਿਨੀਂ ਐਤਵਾਰ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ‘ਚ ਇੱਕ ਅਰਜ਼ੀ ਦਾਖਲ ਕਰਕੇ ਖੁੱਲ੍ਹੀ ਅਦਾਲਤ ‘ਚ ਪਵਨ ਦੀ ਕਿਊਰੇਟਿਵ ਪਟੀਸ਼ਨ ‘ਤੇ ਸੁਣਵਾਈ ਦੀ ਅਪੀਲ ਕੀਤੀ ਹੈ। ਦੋਸ਼ੀਆਂ ਵਿੱਚੋਂ ਸਿਰਫ਼ ਪਵਨ ਕੋਲ ਹੀ ਹੁਣ ਕਿਊਰੇਟਿਵ ਪਟੀਸ਼ਨ ਦਾਖਲ ਕਰਨ ਦਾ ਵਿਕਲਪ ਬਚਿਆ ਸੀ।

ਅਦਾਲਤ ਨੇ ਬੀਤੀ 17 ਫ਼ਰਵਰੀ ਨੂੰ ਚਾਰ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਅਤੇ ਅਕਸ਼ੇ ਕੁਮਾਰ ਵਿਰੁੱਧ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਹ ਤੀਜੀ ਵਾਰ ਹੈ ਜਦੋਂ ਚਾਰੇ ਦੋਸ਼ੀਆਂ ਵਿਰੁੱਧ ਨਵਾਂ ਮੌਤ ਵਾਰੰਟ ਜਾਰੀ ਕੀਤਾ ਗਿਆ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਚਾਰਾਂ ਦੋਸ਼ੀਆਂ ਵਿਰੁੱਧ ਪਹਿਲਾਂ ਦੋ ਵਾਰ ਮੌਤ ਦੇ ਵਾਰੰਟ ਜਾਰੀ ਕਰ ਚੁੱਕੀ ਹੈ। ਇਸ ਸਾਲ 7 ਜਨਵਰੀ ਨੂੰ ਅਦਾਲਤ ਨੇ ਪਹਿਲੀ ਵਾਰ ਮੌਤ ਦਾ ਵਾਰੰਟ ਜਾਰੀ ਕੀਤਾ ਸੀ, ਜਿਸ ‘ਚ 22 ਜਨਵਰੀ ਨੂੰ ਚਾਰੇ ਦੋਸ਼ੀਆਂ ਨੂੰ ਸਵੇਰੇ 7 ਵਜੇ ਫਾਂਸੀ ਦੇਣ ਲਈ ਕਿਹਾ ਗਿਆ ਸੀ।

ਇਸ ਤੋਂ ਬਾਅਦ 17 ਜਨਵਰੀ ਨੂੰ ਅਦਾਲਤ ਨੇ ਮੌਤ ਦਾ ਨਵਾਂ ਵਾਰੰਟ ਜਾਰੀ ਕਰਦਿਆਂ ਫਾਂਸੀ ਦੀ ਤਰੀਕ 1 ਫਰਵਰੀ ਤੱਕ ਵਧਾ ਦਿੱਤੀ ਅਤੇ ਸਵੇਰੇ 6 ਵਜੇ ਲਟਕਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਪਰ ਦੋਸ਼ੀਆਂ ਦੁਆਰਾ ਅਦਾਲਤ ਅਤੇ ਰਾਸ਼ਟਰਪਤੀ ਦੇ ਸਾਹਮਣੇ ਦਾਇਰ ਕੀਤੀ ਗਈ ਰਹਿਮ ਅਪੀਲ ਕਾਰਨ ਇਸ ਦਿਨ ਵੀ ਫਾਂਸੀ ਨਹੀਂ ਦਿੱਤੀ ਜਾ ਸਕੀ ਸੀ।

16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ,ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ਵਿੱਚ ਉਸ ਨੂੰ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।