‘ਦ ਖ਼ਾਲਸ ਬਿਊਰੋ:- ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਲੋਂ ਕੋਵਿਡ-19 ਦੇ ਸੰਕਟਮਈ ਸਮੇਂ ਦੌਰਾਨ ਹੋਏ ਲਾਕਡਾਊਨ ‘ਚ ਨਿਭਾਈ ਭੂਮਿਕਾ ਅਤੇ ‘ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ’ ਵੱਲੋਂ ਜਥੇਬੰਦਕ ਤੌਰ ‘ਤੇ ਪੂਰੇ ਨਿਊਜ਼ੀਲੈਂਡ ਵਿੱਚ ਲੋੜਵੰਦ ਸਥਾਨਕ ਭਾਈਚਾਰੇ ਦੇ 40000 ਤੋਂ ਵੱਧ ਪਰਿਵਾਰਾਂ ਨੂੰ ਵੰਡੀਆਂ ਫ਼ੂਡ ਕਿੱਟਾਂ, ਜਿਨ੍ਹਾਂ ਦੀ ਪਹੁੰਚ ਤਕਰੀਬਨ ਦੋ ਲੱਖ ਲੋਕਾਂ ਤੱਕ ਹੋਈ ਹੈ, ਬਾਬਤ 2 ਜੂਨ ਨੂੰ ਵਿਗਰਮ ਤੋਂ ਲੇਬਰ ਐਮ.ਪੀ. ਅਤੇ ਹਾਊਸਿੰਗ ਮਨਿਸਟਰ ਡਾ. ਮੈਗਿਨ ਵੁੱਡ ਵੱਲੋਂ ਇਕ ਧੰਨਵਾਦੀ ਮਤਾ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਲਿਆਂਦਾ ਗਿਆ, ਜਿਸ ਨੂੰ ਉਥੋਂ ਦੀ ਪਾਰਲੀਮੈਂਟ ਵੱਲੋਂ ਪਾਸ ਕਰਦਿਆਂ ਸਿੱਖ ਭਾਈਚਾਰੇ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਸੰਸਥਾਵਾਂ ਵਲੋਂ ਸੁਪਰੀਮ ਸਿੱਖ ਸੁਸਾਇਟੀ ਨੂੰ ਇਸ ਸੰਕਟ ਦੌਰਾਨ ਕੀਤੀ ਸੇਵਾ ਲਈ ਸਰਕਾਰੀ ਮੱਦਦ ਦੀ ਵੀ ਪੇਸ਼ਕਸ਼ ਕੀਤੀ ਸੀ। ਜਿਸ ਨੂੰ ਸੁਸਾਇਟੀ ਵੱਲੋਂ ਨਿਮਰਤਾ ਸਹਿਤ ਨਾਂਹ ਕਹਿ ਦਿਤੀ ਗਈ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਲੰਗਰ ਸਦੀਵੀ ਸੰਗਤ ਦੇ ਸਹਿਯੋਗ ਨਾਲ ਲਗਦੇ ਹਨ, ਇਹ ਇਕ ਇਤਿਹਾਸਕ ਪਰੰਪਰਾ ਹੈ, ਜਿਸ ਨੂੰ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਦੀ ਮਾਣਮੱਤੀ ਇਤਿਹਾਸਕ ਪਰੰਪਰਾ ਵਜੋਂ ਹੀ ਵੇਖਿਆ ਜਾਵੇ।

ਇਸ ਮਤੇ ਦੇ ਪਾਸ ਹੋਣ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਦੇ ਉਕਤ ਇਤਿਹਾਸਕ ਸੇਵਾ ਦੌਰਾਨ ਸਮੁੱਚੇ ਕਾਰਜਾਂ ਦੀ ਦੇਖ-ਰੇਖ ਕਰ ਰਹੇ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਪਤੀ ਨਹੀਂ ਸਗੋਂ ਇਹ ਸਾਡੇ ਗੁਰੂ ਦੇ ਫਲਸਫ਼ੇ ਦਾ ਹੀ ਪ੍ਰਤਾਪ ਹੈ।
ਪਾਰਲੀਮੈਂਟ ਦਾ ਉਕਤ ਧੰਨਵਾਦੀ ਮਤਾ ਜਿਥੇ ਸਿੱਖੀ ਦੀ ਪਹਿਚਾਣ ਸਾਡੇ ਚਿੰਨ੍ਹਾਂ, ਸਾਡੇ ਵਿਰਸੇ ਨੂੰ ਅੱਗੇ ਲੈ ਕੇ ਜਾਵੇਗਾ ਉਥੇ ਹੀ ਸੇਵਾ ਭਾਵਨਾ, ਆਪਸੀ ਸਹਿਯੋਗ ਤੇ ਮੁਲਕ ਦੇ ਕੌਮੀ ਦ੍ਰਿਸ਼ ਵਿੱਚ ਵੀ ਸਾਨੂੰ ਸਮਾਜਿਕ ਅਤੇ ਰਾਜਨੀਤਕ ਤੌਰ ‘ਤੇ ਮਜ਼ਬੂਤ ਕਰੇਗਾ।