ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਨੇ ਹੁਣ ਤਕ 83000 ਤੋਂ ਵੱਧ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਇਕੱਲੇ ਚੀਨ ਵਿੱਚ ਕਰੋਨਾਵਾਇਰਸ ਕਰਕੇ ਹੁਣ ਤਕ 2788 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕੁੱਲ ਵਾਇਰਸ ਤੋਂ ਪ੍ਰਭਾਵਿਤ ਹੋਏ ਲੋਂਕਾਂ ਦੀ ਗਿਣਤੀ 78,824 ਤੱਕ ਪੁਜ ਚੁਕੀ ਹੈ। ਇਨ੍ਹਾਂ ਵਿਚੋਂ ਬਹੁਤੀਆਂ ਮੌਤਾਂ ਕੇਂਦਰੀ ਸੂਬੇ ਹੁਬੇਈ ਵਿੱਚ ਹੋਈਆਂ ਹਨ। ਚੀਨ ਤੋਂ ਇਲਾਵਾਂ ਹੁਣ ਦੁਨੀਆਂ ਦੇ ਬਹੁਤ ਸਾਰੇ ਦੇਸ਼ਾ ਵਿੱਚ ਵੀ ਕੋਰੋਨਾਵਾਇਰਸ ਨੇ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ।

ਹਾਂਗ ਕਾਂਗ ਵਿੱਚ 92 ਕੇਸ ਸਾਹਮਣੇ ਆਏ ਹਨ ਜਦਕਿ ਦੋਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਮਕਾਓ ’ਚ 10 ਕੇਸ, ਜਾਪਾਨ ’ਚ 918 ਕੇਸ ਤੇ 8 ਮੌਤਾਂ, ਇਟਲੀ 650 ਕੇਸ ਤੇ 15 ਮੌਤਾਂ, ਸਿੰਗਾਪੁਰ 96 ਕੇਸ, ਅਮਰੀਕਾ 60, ਕੁਵੈਤ 43, ਥਾਈਲੈਂਡ 40, ਬਹਿਰੀਨ 33, ਤਾਇਵਾਨ 32 ਕੇਸ ਤੇ 1 ਮੌਤ, ਮਲੇਸ਼ੀਆ 23, ਜਰਮਨੀ 21, ਭਾਰਤ 3, ਰੂਸ ਤੇ ਸਵਿਟਜ਼ਰਲੈਂਡ 5-5, ਇਰਾਕ 6 ਤੇ ਕੈਨੇਡਾ ਵਿੱਚ 14 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਇਰਾਨ ਦੇ ਸਿਹਤ ਮੰਤਰਾਲੇ ਨੇ ਨਵੇਂ ਕਰੋਨਾਵਾਇਰਸ ਨਾਲ ਹੁਣ ਤਕ 34 ਮੌਤਾਂ ਹੋਣ ਦਾ ਦਾਅਵਾ ਕੀਤਾ ਹੈ। ਇਰਾਨ ਵਿੱਚ ਕਰੋਨਾਵਾਇਰਸ ਦੇ 388 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਸੀ।

ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਮੱਧ ਪੂਰਬ ਵਿੱਚ 500 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਪਾਕਿਸਤਾਨ ਨੇ ਇਰਾਨ ਜਾਂਦੀਆਂ ਆਪਣੀਆਂ ਸਾਰੀਆਂ ਹਵਾਈ ਉਡਾਣਾਂ ਰੱਦ ਕਰਨ ਦੇ ਨਾਲ ਇਸ ਗੁਆਂਢੀ ਨਾਲ ਲਗਦੀ ਜ਼ਮੀਨੀ ਸਰਹੱਦ ਵੀ ਬੰਦ ਕਰ ਦਿੱਤੀ ਹੈ। ਇਸਲਾਮਾਬਾਦ ਨੇ ਹੁਣ ਤਕ ਦੇਸ਼ ਵਿੱਚ ਕਰੋਨਾਵਾਇਰਸ ਦੇ ਦੋ ਕੇਸਾਂ ਦਾ ਪਤਾ ਲਾਇਆ ਹੈ। ਉਧਰ ਰੂਸ ਨੇ ਕਰੋਨਾਵਾਇਰਸ ਨੂੰ ਲੈ ਕੇ ਬਣੇ ਖੌਫ਼ ਕਰਕੇ ਇਰਾਨ ਤੇ ਦੱਖਣੀ ਕੋਰੀਆ ਤੋਂ ਆਉਂਦੇ ਯਾਤਰੀਆਂ ਦੇ ਮੁਲਕ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ।

ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਤਿਨ ਨੇ ਇਕ ਬਿਆਨ ਵਿੱਚ ਐਲਾਨ ਕੀਤਾ ਹੈ ਕਿ ਰੂਸ ਵਿੱਚ ਸਿੱਖਿਆ, ਰੁਜ਼ਗਾਰ, ਸੈਰ-ਸਪਾਟੇ ਲਈ ਆਉਂਦੇ ਇਰਾਨੀ ਯਾਤਰੀਆਂ ਦੇ ਵੀਜ਼ੇ ਆਰਜ਼ੀ ਮੁਅੱਤਲ ਕਰ ਦਿੱਤੇ ਗਏ ਹਨ। ਇਸ ਦੌਰਾਨ ਸਵਿਟਜ਼ਰਲੈਂਡ ਵਿੱਚ ਹੋਣ ਵਾਲੇ ਜਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਹੈ।