‘ਦ ਖ਼ਾਲਸ ਬਿਊਰੋ:- ਮਾਰਥੋਮਾ ਸੀਰੀਅਨ ਦੇ ਮੁੱਖ ਪਾਦਰੀ ਡਾਕਟਰ ਜੋਸਫ਼ ਮਾਰ ਥਾਮਾ ਮੇਟਰੋਪੋਲੀਟਨ ਦੇ 90ਵੇਂ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਬਾਰੇ ਬੋਲਦਿਆਂ ਕਿਹਾ ਕਿ ਲੌਕਡਾਊਨ, ਸਰਕਾਰ ਦੇ ਕਈ ਯਤਨਾਂ ਅਤੇ ਲੋਕਾਂ ਦੇ ਸੰਘਰਸ਼ ਦੇ ਕਾਰਨ ਭਾਰਤ ਹੋਰ ਕਈ ਦੇਸ਼ਾਂ ਨਾਲੋਂ ਵਧੀਆ ਸਥਿਤੀ ਵਿੱਚ ਹੈ ਅਤੇ ਰਿਕਵਰੀ ਰੇਟ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਇੱਕ ਅਜਿਹੀ ਬੀਮਾਰੀ ਹੈ ਜਿਸ ਨਾਲ ਨਾ ਸਿਰਫ਼ ਜਾਨ ਦਾ ਖ਼ਤਰਾ ਹੈ ਸਗੋਂ ਇਹ ਗੈਰ-ਸਿਹਤਮੰਦ ਜੀਵਨ ਸ਼ੈਲੀ ਵੱਲ ਵੀ ਧਿਆਨ ਦਿਵਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਸੰਘਰਸ਼ ਦੇ ਵਧੀਆ ਸਿੱਟੇ ਨਿਕਲੇ ਹਨ। ਲੇਕਿਨ ਹਾਲੇ ਰੁਕਣਾ ਨਹੀਂ ਸਗੋਂ ਹੋਰ ਵਧੇਰੇ ਸਾਵਧਾਨ ਰਹਿਣਾ ਹੋਵੇਗਾ। ਉਹਨਾਂ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਅੰਦਾਜਾ ਲਾਇਆ ਗਿਆ ਸੀ ਕਿ ਕੋਰੋਨਾਵਾਇਰਸ ਦਾ ਅਸਰ ਭਾਰਤ ਉੱਪਰ ਸਭ ਤੋਂ ਵਧੇਰੇ ਪਵੇਗਾ।

ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ, ਧਰਮ, ਵਿਸ਼ਵਾਸ, ਲਿੰਗ, ਜਾਤੀ ਜਾਂ ਭਾਸ਼ਾ ਦੀ ਬੁਨਿਆਦ ‘ਤੇ ਕੋਈ ਭੇਦਭਾਵ ਨਹੀਂ ਕਰਦੀ ਹੈ ਅਤੇ ਉਸ ਦਾ ਮਾਰਗਦਰਸ਼ਕ ਭਾਰਤ ਦਾ ਸੰਵਿਧਾਨ ਹੈ।