ਚੰਡੀਗੜ੍ਹ- ਦੁਨੀਆ ਭਰ ‘ਚ ਫੈਲੀ ਜਾਨਲੇਵਾ ਕੋਰੋਨਾਵਾਇਰਸ ਮਹਾਂਮਾਰੀ ਨੇ ਭਾਰਤ ‘ਚ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਜੰਮੂ-ਕਸ਼ਮੀਰ ਦੇ ਹੈਦਰਪੁਰਾ ‘ਚ ਕੋਰੋਨਾਵਾਇਰਸ ਨਾਲ 65 ਸਾਲਾ ਬਜ਼ੁਰਗ ਦੀ ਪਹਿਲੀ ਮੌਤ ਹੋ ਗਈ ਹੈ। ਇਸ ਬਜ਼ੁਰਗ ਦੇ ਸੰਪਰਕ ਵਿੱਚ ਆਏ ਚਾਰ ਲੋਕ ਵੀ ਕੋਰੋਨਾਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਹਨ।

ਮ੍ਰਿਤਕ ਬਜ਼ੁਰਗ ਨੇ 7 ਤੋਂ 21 ਮਾਰਚ ਦੇ ਵਿੱਚ ਦਿੱਲੀ ਤੇ ਸਹਾਰਨਪੁਰ ਦੀ ਯਾਤਰਾ ਕੀਤੀ ਸੀ। ਉਹ 7 ਤੋਂ 9 ਮਾਰਚ ਤੱਕ ਨਿਜਾਮੂਦੀਨ ਮਸਜਿਦ ‘ਚ ਰਿਹਾ,ਫਿਰ 9 ਮਾਰਚ ਨੂੰ ਟ੍ਰੇਨ ਤੋਂ ਦੇਵਬੰਦ ਗਿਆ। 11 ਮਾਰਚ ਤੱਕ ਉਹ ਉੱਥੇ ਦਾਰੁਲ ਉਲੁਮ ‘ਚ ਰੁਕਿਆ। ਫਿਰ 11 ਮਾਰਚ ਨੂੰ ਟ੍ਰੇਨ ਤੋਂ ਜੰਮੂ ਲਈ ਨਿਕਲਿਆ। ਇੱਥੇ 12 ਤੋਂ 16 ਮਾਰਚ ਤੱਕ ਇੱਕ ਮਸਜਿਦ ‘ਚ ਰੁਕਿਆ। 16 ਮਾਰਚ ਨੂੰ ਇੰਡੀਗੋ ਫਲਾਈਟ ਤੋਂ ਜੰਮੂ ਤੋਂ ਸ਼੍ਰੀਨਗਰ ਪਹੁੰਚਿਆ। 18 ਮਾਰਚ ਤੱਕ ਸਪੋਰ ‘ਚ ਹੀ ਰੁਕਿਆ। 21 ਮਾਰਚ ਨੂੰ ਆਪਣੇ ਘਰ ਹੈਦਰਪੁਰਾ ਆਇਆ। ਤਬੀਅਤ ਖਰਾਬ ਹੋਣ ‘ਤੇ 22 ਮਾਰਚ ਨੂੰ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਭਾਰਤ ‘ਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਵਿੱਚ ਮੌਤ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਵੀ ਇੱਕ ਮੌਤ ਹੋਈ ਹੈ। ਇਸ ਦੇ ਨਾਲ ਦੇਸ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 606 ਹੋ ਗਈ। ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਦੇਸ਼ ‘ਚ 21 ਦਿਨਾਂ ਲਈ ਲਾਕਡਾਊਨ ਜਾਰੀ ਹੈ।