ਚੰਡੀਗੜ੍ਹ- ‘ਦ ਖ਼ਾਲਸ ਟੀਵੀ ਵੱਲੋਂ ਚਲਾਈ ਗਈ ਖ਼ਬਰ ਦਾ ਪੰਜਾਬ ਦੇ ਮੰਤਰੀਆਂ ‘ਤੇ ਵੱਡਾ ਅਸਰ ਹੋਇਆ ਹੈ। ‘ਦ ਖ਼ਾਲਸ ਟੀਵੀ ਨੇ ਡਾ.ਹਰਸ਼ਿੰਦਰ ਕੌਰ ਦੇ ਜ਼ਰੀਏ ਪੰਜਾਬ ਦੇ ਮੰਤਰੀਆਂ ਨੂੰ ਆਪਣੀਆਂ ਪੂਰੀਆਂ ਤਨਖਾਹਾਂ ਜਾਂ ਤਨਖਾਹਾਂ ਦਾ ਕੁੱਝ ਹਿੱਸਾ ਲੋੜਵੰਦ ਲੋਕਾਂ ਨੂੰ ਦਾਨ ਕਰਨ ਦੀ ਬੇਨਤੀ ਕੀਤੀ ਸੀ ਜਿਸ ਤੋਂ ਦੂਜੇ ਦਿਨ ਬਾਅਦ ਹੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਇੱਕ ਮਹੀਨੇ ਦੀ ਪੂਰੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਹੈ। ‘ਦ ਖ਼ਾਲਸ ਟੀਵੀ ਨੇ ਅਪੀਲ ਕਰਦਿਆਂ ਕਿਹਾ ਸੀ ਕਿ ਲਾਕਡਾਊਨ ਵਿੱਚ ਜਦੋਂ ਸਭ ਕੁੱਝ ਬੰਦ ਹੈ ਤਾਂ ਪੰਜਾਬ ਦੇ ਲੋਕਾਂ ਸਮੇਤ ਮੰਤਰੀ ਵੀ ਆਪਣੇ ਘਰਾਂ ਵਿੱਚ ਬੈਠੇ ਹੋਏ ਹਨ ਅਤੇ ਅਜਿਹੇ ਵਿੱਚ ਮੰਤਰੀਆਂ ਦੀਆਂ ਗੱਡੀਆਂ ਸਮੇਤ ਹੋਰ ਖਰਚੇ ਨਹੀਂ ਹੋ ਰਹੇ ਹਨ ਤਾਂ ਇਨ੍ਹਾਂ ਨੂੰ ਸੂਬੇ ਦੇ ਜ਼ਿੰਮੇਵਾਰ ਨਾਗਰਿਕ ਤੇ ਲੋਕਾਂ ਦੇ ਸੇਵਕ ਹੋਣ ਦੇ ਨਾਤੇ ਲੋੜਵੰਦ ਪੰਜਾਬੀਆਂ ਲਈ ਰਾਸ਼ੀ ਦਾਨ ਕਰਨੀ ਚਾਹੀਦੀ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਦਾ ਟਾਕਰਾ ਕਰਨ ਲਈ ਸੂਬਾ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਸੂਬਾ ਸਰਕਾਰ ਵੱਲੋਂ ਰਜਿਸਟਰਡ ਕਿਰਤੀਆਂ ਲਈ 3000 ਰੁਪਏ ਦੀ ਫੌਰੀ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 31 ਮਾਰਚ ਤੱਕ ਸਾਰਾ ਪੰਜਾਬ ਬੰਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਿਰਫ ਜ਼ਰੂਰੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਦਾ ਬਚਾਅ ਪਰਹੇਜ਼ ਅਤੇ ਸਾਵਧਾਨੀ ਵਰਤਣਾ ਹੈ। ਸ. ਰੰਧਾਵਾ ਨੇ ਕਿਹਾ ਕਿ ਇਸ ਸਥਿਤੀ ਦੇ ਮੱਦੇਨਜ਼ਰ ਰੋਜ਼ਾਨਾ ਦਿਹਾੜੀ ਤੇ ਆਪਣਾ ਕੰਮ-ਧੰਦਾ ਕਰ ਕੇ ਗੁਜ਼ਾਰਾ ਕਰਨ ਵਾਲਿਆਂ ਲਈ ਇਹ ਔਖੀ ਘੜੀ ਹੈ ਜਿਸ ਕਾਰਨ ਉਨ੍ਹਾਂ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ।