India

ਦਿੱਲੀ ਹਿੰਸਾ ‘ਚ ਸ਼ਰ੍ਹੇਆਮ ਗੋਲੀਆਂ ਚਲਾਉਣ ਵਾਲਾ ਸ਼ਾਹਰੁਖ਼ ਗ੍ਰਿਫਤਾਰ

ਚੰਡੀਗੜ੍ਹ- ਦਿੱਲੀ ‘ਚ ਹੋਈ ਹਿੰਸਾ ਦੌਰਾਨ ਪੁਲਿਸ ਦੇ ਹੈਡ ਕਾਂਸਟੇਬਲ ਦੀਪਕ ਦਹੀਆ ਨੂੰ ਪਿਸਤੌਲ ਵਿਖਾਉਣ ਵਾਲੇ ਸ਼ਾਹਰੁਖ ਨੂੰ ਕ੍ਰਾਇਮ ਬਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਾਹਰੁਖ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਸਪੈਸ਼ਟ ਸੈੱਲ ਨੂੰ ਉਸ ਨੂੰ ਗ੍ਰਿਫਤਾਰ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਸੀ, ਪਰ ਇਹ ਕੰਮ ਕ੍ਰਾਇਮ ਬਰਾਂਚ ਨੇ ਕਰ ਕੇ ਦਿਖਾਇਆ ਹੈ। ਸ਼ਾਹਰੁਖ ਦੀ ਤਲਾਸ਼ ਲਈ ਦਿੱਲੀ, ਪੰਜਾਬ ਅਤੇ ਉੱਤਰ ਪ੍ਰਦੇਸ਼ ‘ਚ ਸਪੈਸ਼ਲ ਸੈਲ ਛਾਪੇਮਾਰੀ ਕੀਤੀ ਗਈ ਸੀ। ਸੋਸ਼ਲ ਮੀਡੀਆ ‘ਤੇ ਸ਼ਾਹਰੁਖ ਦੀ ਇਹ ਤਸਵੀਰ ਕਾਫੀ ਵਾਇਰਲ ਹੋਈ ਹੈ।

ਸ਼ਾਹਰੁਖ ਨੇ ਦਿੱਲੀ ਹਿੰਸਾ ਦੌਰਾਨ 8 ਰਾਊਂਡ ਫਾਇਰ ਕੀਤੇ ਸਨ। ਹੈਡ ਕਾਂਸਟੇਬਲ ‘ਤੇ ਪਿਸਤੌਲ ਤਾਨਣ ਤੋਂ ਬਾਅਦ ਉਹ ਪੋਸਟਰ ਬੁਆਏ ਬਣ ਗਿਆ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਕ੍ਰਾਇਮ ਬਰਾਂਚ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਿੰਸਾ ਦੌਰਾਨ ਪੁਲਿਸ ‘ਤੇ ਗੋਲੀਆਂ ਚਲਾਉਣ ਵਾਲੇ ਲਾਲ ਟੀ-ਸ਼ਰਟ ਪਹਿਨੇ ਨੌਜਵਾਨ ਦੀ ਪਛਾਣ ਸ਼ਾਹਰੁਖ ਖਾਨ ਵਜੋਂ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਦੇ ਥਾਣਾ ਉਸਮਾਨਪੁਰ ਦਾ ਰਹਿਣ ਵਾਲਾ ਹੈ, ਪਰ ਘਟਨਾ ਤੋਂ ਬਾਅਦ ਹੀ ਉਹ ਆਪਣੇ ਪਰਿਵਾਰ ਨਾਲ ਫ਼ਰਾਰ ਹੋ ਗਿਆ ਸੀ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਦੇ ਮਦਦਗਾਰਾਂ ਦੀ ਵੀ ਤਲਾਸ਼ ਸ਼ੁਰੂ ਹੋ ਗਈ ਹੈ।