India

ਦਿੱਲੀ ਧਮਾਕਿਆਂ ‘ਚ 30 ਨਿਰਦੋਸ਼ ਸਿੱਖਾਂ ਨੂੰ 35 ਸਾਲ ਬਾਅਦ ਕੀਤਾ ਬਰੀ

ਚੰਡੀਗੜ੍ਹ-  ਸਾਲ 1985 ਵਿੱਚ ਉੱਤਰ ਭਾਰਤ ‘ਚ ਹੋਏ ਲੜੀਵਾਰ ਟਰਾਂਜ਼ਿਸਟਰ ਬੰਬ ਧਮਾਕਿਆਂ ਦੇ ਕੇਸ ਵਿੱਚ ਅੱਜ ਦਿੱਲੀ ਦੀ ਸਕੇਤ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ 49 ਮੁਲਜ਼ਮਾਂ ਚੋਂ ਇਸ ਵੇਲੇ ਜਿਊਂਦੇ ਸਾਰੇ 30 ਸਿੱਖਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ 35 ਸਾਲ ਬਾਅਦ ਸੁਣਾਇਆ ਹੈ। ਇਨ੍ਹਾਂ ਲੜੀਵਾਰ ਧਮਾਕਿਆਂ ਵਿੱਚ 69 ਲੋਕ ਮਾਰੇ ਗਏ ਸਨ ਅਤੇ 127 ਲੋਕ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਧਮਾਕਿਆਂ ਵਿੱਚ ਇਕੱਲੇ ਦਿੱਲੀ ’ਚ 49 ਲੋਕਾਂ ਦੀ ਮੌਤ ਹੋ ਗਈ ਸੀ ਤੇ 127 ਜਣੇ ਜ਼ਖ਼ਮੀ ਹੋ ਗਏ ਸਨ।

ਵਧੀਕ ਸੈਸ਼ਨ ਜੱਜ ਸੰਦੀਪ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਕਈ ਤਰੁੱਟੀਆਂ ਸਨ ਅਤੇ 35 ਸਾਲ ਪੁਰਾਣੇ ਇਸ ਕੇਸ ਦੀ ਖ਼ਾਮੀਆਂ ਭਰਪੂਰ ਰਹੀ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਪੁਲੀਸ ਦੀ ਚਾਰਜਸ਼ੀਟ ਅਨੁਸਾਰ 10 ਮਈ 1985 ਦੀ ਸ਼ਾਮ ਨੂੰ ਬੰਬ ਫਿੱਟ ਕੀਤੇ ਟਰਾਂਜ਼ਿਸਟਰਾਂ ਨੂੰ ਬੱਸਾਂ ਤੇ ਦਿੱਲੀ ਵਿੱਚ ਹੋਰ ਜਨਤਕ ਥਾਵਾਂ ਅਤੇ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਨਾਲ ਲੱਗਦੇ ਖੇਤਰਾਂ ਵਿੱਚ ਛੱਡ ਦਿੱਤਾ ਗਿਆ ਸੀ।

ਦਿੱਲੀ ਪੁਲਿਸ ਦੇ ਡੀਸੀਪੀ (ਕੇਂਦਰੀ) ਦੀ ਅਗਵਾਈ ਹੇਠ ਇਕ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ’ਚ 59 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਇਨ੍ਹਾਂ 59 ’ਚੋਂ ਪੰਜ ਲੋਕ ਭਗੌੜੇ ਹਨ ਜੋ ਕਦੇ ਅਦਾਲਤ ’ਚ ਪੇਸ਼ ਨਹੀਂ ਹੋਏ। ਜੁਲਾਈ 2006 ਵਿੱਚ ਟਰਾਇਲ ਕੋਰਟ ਨੇ ਸਬੂਤਾਂ ਦੀ ਘਾਟ ਕਰ ਕੇ ਪੰਜ ਲੋਕਾਂ ਨੂੰ ਬਰੀ ਕਰ ਦਿੱਤਾ ਸੀ। ਬਾਕੀ 49 ਮੁਲਜ਼ਮਾਂ ਵਿੱਚੋਂ 19 ਲੋਕਾਂ  ਦੀ ਕੇਸ ਦੀ ਅਦਾਲਤੀ ਕਾਰਵਾਈ ਦੌਰਾਨ ਹੀ ਮੌਤ ਹੋ ਚੁੱਕੀ ਹੈ। ਪਿੱਛੇ ਰਹਿੰਦੇ 30 ਮੁਲਜ਼ਮ 1986 ਤੋਂ ਜ਼ਮਾਨਤ ’ਤੇ ਚੱਲਦੇ ਆ ਰਹੇ ਸਨ ਤੇ ਇਹ ਸਾਰੇ ਹੀ ਸਿੱਖ ਹਨ। ਅਦਾਲਤ ਨੇ ਕਿਹਾ ਕਿ ਪੁਲੀਸ ਨੇ ਇਹ ਸਬੂਤ ਇਕੱਠੇ ਨਹੀਂ ਕੀਤੇ ਜਿਸ ਤੋਂ ਸਪੱਸ਼ਟ ਹੋ ਸਕੇ ਕਿ ਮੁਲਜ਼ਮਾਂ ਵੱਲੋਂ ਬੱਸ ਵਿੱਚ ਰੱਖੇ ਬੰਬ ਫਟੇ ਸਨ ਜਾਂ ਨਹੀਂ। ਜੇਕਰ ਬੰਬ ਨਹੀਂ ਫਟੇ ਸਨ ਤਾਂ ਉਨ੍ਹਾਂ ਨੂੰ ਨਕਾਰਾ ਕੀਤਾ ਗਿਆ ਜਾਂ ਨਹੀਂ।

ਅਦਾਲਤ ਨੇ ਸੁਰਜੀਤ ਕੌਰ, ਮਨਮੋਹਨ ਸਿੰਘ, ਗੁਰਦੇਵ ਸਿੰਘ, ਬੂਟਾ ਸਿੰਘ, ਕੁਲਬੀਰ ਸਿੰਘ ਉਰਫ਼ ਭੋਲਾ, ਇੰਦਰਜੀਤ ਸਿੰਘ ਉਰਫ਼ ਹੈਪੀ, ਹਰਦੀਪ ਸਿੰਘ, ਤੀਰਥ ਸਿੰਘ, ਮੁਖ਼ਤਿਆਰ ਸਿੰਘ, ਭੁਪਿੰਦਰ ਸਿੰਘ ਉਰਫ਼ ਭਿੰਦਾ, ਅਰਵਿੰਦਰ ਸਿੰਘ ਉਰਫ਼ ਨੀਟੂ, ਅਨੂਪ ਸਿੰਘ ਅਤੇ ਮਨਜੀਤ ਸਿੰਘ ਨੂੰ ਬਰੀ ਕਰ ਦਿੱਤਾ ਹੈ।

ਅਦਾਲਤ ਨੇ ਜੋਗਿੰਦਰਪਾਲ ਸਿੰਘ ਭਾਟੀਆ, ਤਰਜੀਤ ਸਿੰਘ, ਸਰਵਜੀਤ ਸਿੰਘ, ਸੁਰਿੰਦਰਪਾਲ ਸਿੰਘ, ਦਲਜੀਤ ਸਿੰਘ, ਰਾਜਿੰਦਰ ਸਿੰਘ, ਸੇਵਾ ਸਿੰਘ, ਸੁਰਿੰਦਰਪਾਲ ਸਿੰਘ ਉਰਫ਼ ਡੌਲੀ, ਸ਼ਾਹਬਾਜ਼ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ, ਦਲਵਿੰਦਰ ਸਿੰਘ ਉਰਫ਼ ਪੱਪਾ, ਨਰਿੰਦਰ ਸਿੰਘ, ਗੁਰਮੀਤ ਸਿੰਘ, ਹਰਚਰਨ ਸਿੰਘ, ਗੁਰਦੀਪ ਸਿੰਘ ਸਹਿਗਲ ਅਤੇ ਗੁਰਮੀਤ ਸਿੰਘ ਉਰਫ਼ ਹੈਪੀ ਨੂੰ ਵੀ ਬਰੀ ਕਰ ਦਿੱਤਾ ਹੈ।