ਚੰਡੀਗੜ੍ਹ-(ਪੁਨੀਤ ਕੌਰ) ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਪੱਖੀ ਤੇ ਵਿਰੋਧੀਆਂ ਵਿਚਾਲੇ ਟਕਰਾਅ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ, ਖੁਰੇਜੀ ਖ਼ਾਸ ਤੇ ਭਜਨਪੁਰਾ ਇਲਾਕੇ ਵਿਚ ਫੈਲਿਆ ਹੋਇਆ ਹੈ। ਨਵੇਂ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਭੜਕੀ ਫ਼ਿਰਕੂ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਤੇ ਦੋ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ 50 ਦੇ ਕਰੀਬ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲਿਸ ਅੱਜ ਵੀ ਦੰਗਾਕਾਰੀਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਇਸ ਨਾਜ਼ੁਕ ਮਾਹੌਲ ਵਿੱਚ ਦਿੱਲੀ ਪੁਲਿਸ,ਦਿੱਲੀ ਸਰਕਾਰ ਤੇ ਕੇਂਦਰ ਸਰਕਾਰਾਂ ਨਕਾਰਾ ਸਾਬਿਤ ਹੋ ਚੁੱਕੀਆਂ ਹਨ ਪਰ ਸਿੱਖ ਭਾਈਚਾਰੇ ਨੇ ਆਪਣੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਨੂੰ ਅਪਣਾਉਂਦਿਆਂ ਇੱਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਮਿਸਾਲ ਕਾਇਮ ਕੀਤੀ ਹੈ।

ਗੁਰਦੁਆਰਾ ਬੰਗਲਾ ਸਾਹਿਬ,ਦਿੱਲੀ

ਇਸ ਮੁਸ਼ਕਿਲ ਸਮੇਂ ਦੇ ਵਿੱਚ ਦਿੱਲੀ ਦੇ ਸਿੱਖਾਂ ਨੇ ਮੁੜ ਮਿਸਾਲ ਕਾਇਮ ਕਰਦਿਆਂ ਮਦਦ ਲਈ ਆਪਣੇ ਬੂਹੇ ਖੋਲ੍ਹ ਦਿੱਤੇ ਹਨ। ਦਲ ਖ਼ਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੇ ਮੁੱਖ ਇਤਿਹਾਸਕ ਗੁਰੂ-ਘਰ ਮਜ਼ਲੂਮਾਂ ਦੀ ਸੇਵਾ ਲਈ 24 ਘੰਟੇ ਖੁੱਲ੍ਹੇ ਰਹਿਣਗੇ। ਦਿੱਲੀ ਦੇ ਗੁਰਦੁਆਰਾ ਨਾਨਕ ਪਿਆਓ ਸਾਹਿਬ, ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਲਿਆਣ ਵਿਹਾਰ ਸਾਹਿਬ, ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ 24 ਘੰਟੇ ਲੋੜਵੰਦਾਂ ਲਈ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਹੋਵੇਗਾ।

ਗੁਰਦੁਆਰਾ ਮੋਤੀ ਬਾਗ ਸਾਹਿਬ,ਦਿੱਲੀ

ਇਸ ਐਲਾਨ ਨਾਲ ਦਿੱਲੀ ਦੇ ਪੀੜ੍ਹਤ ਲੋਕਾਂ ਨੂੰ ਰਾਹਤ ਮਿਲੇਗੀ। ਪੀੜ੍ਹਤ ਲੋਕਾਂ ਵਿੱਚ ਖ਼ਾਸ ਤੌਰ ‘ਤੇ ਮੁਸਲਿਮ ਭਾਈਚਾਰੇ ਦੇ ਲੋਕ ਹਨ ਜਿਨ੍ਹਾਂ ਦੇ ਘਰਾਂ ਨੂੰ ਸਾੜਿਆ ਜਾ ਰਿਹਾ ਹੈ,ਦੰਗਾਕਾਰੀਆਂ ਵੱਲੋਂ ਬੰਦੇ ਮਾਰੇ ਜਾ ਰਹੇ ਹਨ ਅਤੇ ਮਸੀਤਾਂ ‘ਤੇ ਤਿਰੰਗੇ ਝੁਲਾਏ ਜਾ ਰਹੇ ਹਨ। ਔਰੰਗਜ਼ੇਬ ਦੇ ਜ਼ੁਲਮੀ ਰਾਜ ਵਿੱਚ ਕੁਚਲੇ ਜਾ ਰਹੇ ਹਿੰਦੂਆਂ ਨੂੰ ਬਚਾਉਣਾ ਹੋਵੇ,ਸੀਰੀਆ ਦੀ ਅੱਗ ਵਿੱਚ ਲੋੜਵੰਦਾਂ ਦੀ ਮਦਦ ਕਰਨੀ ਹੋਵੇ ਜਾਂ ਫਿਰ ਮੋਦੀ ਰਾਜ ਵਿੱਚ ਮੁਸਲਮਾਨਾਂ ‘ਤੇ ਹੋ ਰਹੇ ਜ਼ੁਲਮ ਦੇ ਵਿੱਚ ਮਜ਼ਲੂਮਾਂ ਨਾਲ ਖੜ੍ਹਨਾ ਹੋਵੇ,ਸਿੱਖ ਕੌਮ ਸਦਾ ਹਰ ਮਸਲੇ ਵਿੱਚ,ਹਰ ਮਜ਼ਲੂਮ ਦੇ ਨਾਲ ਬਿਨ੍ਹਾਂ ਉਸਦਾ ਧਰਮ ਵੇਖੇ ਹਿੱਕ ਡਾਹ ਕੇ ਖੜ੍ਹਦੀ ਹੈ।