ਚੰਡੀਗੜ੍ਹ-(ਪੁਨੀਤ ਕੌਰ) ਉੱਤਰ-ਪੂਰਬੀ ਦਿੱਲੀ ਵਿੱਚ ਤੀਜੇ ਦਿਨ ਵੀ ਲਗਾਤਾਰ ਸੀਏਏ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਕਾਰ ਹੋ ਰਹੀ ਝੜਪ ਦੌਰਾਨ ਦਿੱਲੀ ਦੀ ਇੱਕ ਸਿੱਖ ਕੁੜੀ ਕਵਲਪ੍ਰੀਤ ਕੌਰ ਨੇ ਮੁਸਲਮਾਨਾਂ ਲਈ ਵੱਡਾ ਐਲਾਨ ਕੀਤਾ ਹੈ। ਕਵਲਪ੍ਰੀਤ ਕੌਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਕਿਹਾ ਹੈ ਕਿ “ਜਿਸ ਕਿਸੇ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਉੱਤਰ-ਪੂਰਬੀ ਦਿੱਲੀ ਵਿੱਚ ਰਹਿਣ ਲਈ ਜਗ੍ਹਾ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਉਹ ਮੇਰੇ ਨਾਲ ਸੰਪਰਕ ਕਰਨ। ਸਾਡੇ ਘਰ ਹਮੇਸ਼ਾ ਖੁੱਲ੍ਹੇ ਹਨ।“ ਕਵਲਪ੍ਰੀਤ ਕੌਰ ਨੇ ਦਿੱਲੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਅਤੇ ਕਾਨੂੰਨ ਦੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਹ ਦਿੱਲੀ ਦੀ ਆੱਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦੀ ਪ੍ਰਧਾਨ ਹੈ।

ਅੱਜ ਤੀਜੇ ਦਿਨ ਵੀ ਉੱਤਰ-ਪੂਰਬੀ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਕਰ ਰਹੇ ਲੋਕ ਮੌਜਪੁਰ ਅਤੇ ਬ੍ਰਹਮਪੁਰੀ ਵਿੱਚ ਪੱਥਰਬਾਜ਼ੀ ਕਰ ਰਹੇ ਹਨ। ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਵਿਰੋਧੀਆਂ ਵੱਲੋਂ ਪੱਥਰ ਸੁੱਟੇ ਜਾ ਰਹੇ ਹਨ, ਵਾਹਨਾਂ ਅਤੇ ਦੁਕਾਨਾਂ ਨੂੰ ਅੱਗ ਲਗਾਈ ਗਈ ਹੈ ਅਤੇ ਜਾਇਦਾਦ ਦੀ ਭੰਨਤੋੜ ਕੀਤੀ ਗਈ ਹੈ। ਉੱਤਰ ਪੂਰਬੀ ਦਿੱਲੀ ਦਾ ਮੌਜਪੁਰ ਹਿੰਸਾ ਦਾ ਕੇਂਦਰ ਰਿਹਾ, ਜਿਸ ਨੇ ਕੁੱਝ ਘੰਟਿਆਂ ਵਿੱਚ ਹੀ ਭਜਨਪੁਰਾ ਅਤੇ ਚੰਦ ਬਾਗ ਦੇ ਨੇੜਲੇ ਇਲਾਕਿਆਂ ਵਿੱਚ ਵੀ ਅਜਿਹੀਆਂ ਝੜਪਾਂ ਕਰ ਦਿੱਤੀਆਂ ਹਨ।