ਚੰਡੀਗੜ੍ਹ (ਪੁਨੀਤ ਕੌਰ)- ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸਟੇਜ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਨਿੱਜੀ ਚੈਨਲ ‘ਤੇ ਲਾਈਵ ਹੋ ਕੇ ਇਹ ਜਾਣਕਾਰੀ ਦਿੱਤੀ ਹੈ। ਢੱਡਰੀਆਂਵਾਲੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਿਆਰ ਕੀਤੀ ਗਈ ਪੰਜ ਮੈਂਬਰੀ ਕਮੇਟੀ ਅੱਗੇ ਨਾ ਪੇਸ਼ ਹੋਣ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਤੱਕ ਕੋਈ ਇਨਸਾਫ਼ ਨਹੀਂ ਹੋਇਆ ਹੈ। ਉਨ੍ਹਾਂ ਨੇ ਗੁਰਬਾਣੀ ਦੇ ਪ੍ਰਤੀ ਆਪਣੇ ਨਜ਼ਰੀਏ ਬਾਰੇ ਵੀ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਾਬਿਆਂ ਵਾਲੀ ਲਾਈਨ ਵਿੱਚੋਂ ਨਿਕਲ ਕੇ ਗੁਰਮਤਿ ਨੂੰ ਸਹੀ ਢੰਗ ਨਾਲ ਵਿਚਾਰਿਆ ਤੇ ਲੋਕਾਂ ਵਿੱਚ ਪ੍ਰਚਾਰਿਆ ਹੈ।ਉਨ੍ਹਾਂ ਨੇ ਲੋਕਾਂ ਨੂੰ ਗੁਰ-ਅਸਥਾਨ ਤੇ ਤੀਰਥ-ਅਸਥਾਨ ਵਿੱਚ ਫ਼ਰਕ ਸਮਝਣ ਲਈ ਕਿਹਾ ਹੈ।

ਢੱਡਰੀਆਂਵਾਲੇ ਨੇ ਗੁਰੂ ਸਾਹਿਬ ਦੀ ਸੋਚ ਤੇ ਪੁਜਾਰੀ ਦੀ ਸੋਚ ਵਿੱਚ ਫ਼ਰਕ ਸਮਝਣ ਲਈ ਲੋਕਾਂ ਨੂੰ ਉਨ੍ਹਾਂ ਕੋਲੋਂ ਇੱਕ ਫਾਰਮੂਲਾ ਲੈਣ ਲਈ ਕਿਹਾ। ਉਨ੍ਹਾਂ ਨੇ ਆਪਣੇ-ਆਪ ਨੂੰ ਬਾਬਾ ਨੰਬਰ 1 ਵੀ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈਣ ਲੱਗਿਆਂ ਤਾਂ ਖੁਸ਼ੀ ਹੁੰਦੀ ਹੈ ਪਰ ਬਾਕੀ ਧਰਮਾਂ ਦੇ ਗ੍ਰੰਥਾਂ ਦਾ ਨਾਮ ਲੈਣ ਲੱਗਿਆਂ ਉਨ੍ਹਾਂ ਨੂੰ ਕਚੀਚੀਆਂ ਆਉਂਦੀਆਂ ਹਨ। ਢੱਡਰੀਆਂਵਾਲੇ ਨੇ ਕਿਹਾ ਕਿ ਮੱਥਾ ਟੇਕਣ ਲਈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚਾਹੀਦੇ ਹਨ ਪਰ ਪ੍ਰਚਾਰਿਆ ਬਾਕੀ ਧਰਮਾਂ ਦੇ ਗ੍ਰੰਥਾਂ ਨੂੰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੂਸਰਿਆਂ ਗ੍ਰੰਥਾਂ ਨੂੰ ਸਥਾਪਿਤ ਕਰਨ ਦੇ ਵਿਰੋਧ ਵਿੱਚ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜਕਲ੍ਹ ਦੇ ਬਾਬਿਆਂ ਨੂੰ ਐਸ਼ਪ੍ਰਸਤੀ ਦਾ ਚਸਕਾ ਪੈ ਗਿਆ ਹੈ। ਉਨ੍ਹਾਂ ਬੁੱਧੀਜੀਵਾਂ ਪ੍ਰਚਾਰਕਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪ੍ਰਚਾਰਕ ਸਿਰਫ਼ ਆਪਣੇ ਹਿੱਤਾਂ ਨੂੰ ਹੀ ਪੂਰਾ ਕਰਦੇ ਹਨ। ਇਹ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਹੀਂ ਲੱਗਣ ਦੇਣਗੇ।

ਉਨ੍ਹਾਂ ਨੇ ਆਪਣੇ ਦੀਵਾਨ ਛੱਡਣ ਦੇ ਫੈਸਲੇ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਹ ਫੈਸਲਾ ਸੰਗਤ ਦੇ ਲਈ ਲੈਣਾ ਪਿਆ ਹੈ,ਕਿਉਂਕਿ ਉਨ੍ਹਾਂ ਦੇ ਦੀਵਾਨ ਦੌਰਾਨ ਸ਼ਰਾਰਤੀ ਅਨਸਰ ਕੋਈ ਹਮਲਾ ਕਰਕੇ ਸੰਗਤ ਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਹਨ। ਢੱਡਰੀਆਂਵਾਲੇ ਨੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਮਾਰਚ ਆ ਲੈਣ ਦਿਉ,ਉਹ ਮੇਰੇ ਨਾਲ ਸਾਰੀ ਦੁਨੀਆਂ ਦੇ ਸਾਹਮਣੇ ਚੈਨਲ ‘ਤੇ ਸੰਵਾਦ ਕਰੇ,ਅੱਧਾ ਸਮਾਂ ਉਹ ਸਵਾਲ ਕਰਨਗੇ ਤੇ ਅੱਧਾ ਸਮਾਂ ਮੈਂ ਉਨ੍ਹਾਂ ਤੋਂ ਸਵਾਲ ਪੁੱਛਾਂਗਾ। ਇਸਦੇ ਨਾਲ ਹੀ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਚੈਨਲ ‘ਤੇ ਸੰਵਾਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 40 ਮਿੰਟ ਜਥੇਦਾਰ ਉਨ੍ਹਾਂ ਤੋਂ ਸਵਾਲ ਕਰਨਗੇ ਤੇ ਸਿਰਫ਼ 20 ਮਿੰਟ ਮੈਂ ਉਨ੍ਹਾਂ ਤੋਂ ਸਵਾਲ ਕਰਾਂਗਾ।