International Punjab

ਡੀਜੀਪੀ ਗੁਪਤਾ ਨੂੰ ਅਹੁਦੇ ਤੋਂ ਹਟਾਇਆ ਜਾਵੇ-ਸਿਆਸੀ ਤੇ ਧਾਰਮਿਕ ਲੀਡਰਾਂ ਦੀ ਤਿੱਖੀ ਮੰਗ

ਚੰਡੀਗੜ੍ਹ- ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਵੱਲੋਂ ਦਿੱਤੇ ਗਏ ਬਿਆਨ ਸੰਬੰਧੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੇ ਡੀਜੀਪੀ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਡੀਜੀਪੀ ਸਾਹਿਬ ਸਿੱਖ ਧਰਮ ਦੇ ਮੁੱਦਿਆਂ ’ਤੇ ਟਿੱਪਣੀ ਕਰਨ ਦੀ ਜਗ੍ਹਾ ਪਹਿਲਾਂ ਆਪਣੀ ਪੁਲਿਸ ਸੰਭਾਲਣ। ਪੰਜਾਬ ਪੁਲਿਸ ਦੇ ਮੁਲਾਜ਼ਮ ਚਿੱਟੇ ਦੀ ਤਸਕਰੀ ਵਿਚ ਲੱਗੇ ਹੋਏ ਹਨ, ਐੱਸਐੱਚਓ ਹੈਰੋਇਨ ਸਣੇ ਕਾਬੂ ਹੋ ਰਹੇ ਹਨ ਤੇ ਉਨ੍ਹਾਂ ਦਾ ਮੁਖੀ ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ।

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ  ਹੈ ਕਿ ਅਜਿਹੇ ਡੀਜੀਪੀ ’ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਪੁਲਿਸ ਮਹਿਕਮੇ ਵਿਚ ਜਿੱਥੇ ਇੱਕ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਉੱਥੇ ਹੀ ਪੁਲਿਸ ਅਧਿਕਾਰੀ ਖੁਦ ਨਸ਼ੇ ਕਰਦੇ ਹੋਏ ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡ ਰਹੇ ਹਨ। ਦੂਜੇ ਪਾਸੇ ਗੈਂਗਸਟਰ ਜੇਲ੍ਹਾਂ ਵਿਚ ਬੈਠੇ ਹੋਏ ਵੀ ਆਪਣਾ ਰਾਜ ਚਲਾ ਰਹੇ ਹਨ। ਸ਼ਰੇਆਮ ਦਿਨ ਦਿਹਾੜੇ ਕਰੋੜਾਂ ਰੁਪਏ ਦਾ ਸੋਨਾ ਲੁੱਟਿਆ ਜਾ ਰਿਹਾ ਹੈ, ਬੈਂਕਾਂ ਵਿੱਚ ਡਾਕੇ ਪੈ ਰਹੇ ਹਨ। ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਉਹ ਥਾਣੇ ਜਾ ਕੇ ਰਿਪੋਰਟ ਲਿਖਵਾਉਣ ਤੋਂ ਵੀ ਡਰਦੇ ਹਨ। ਅਜਿਹੇ ਮੌਕੇ ’ਤੇ ਪੁਲਿਸ ਮੁਖੀ ਬੇਤੁਕੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ‘ਤੇ ਲੱਗੇ ਹੋਏ ਹਨ।

ਵਿਧਾਇਕ ਬੈਂਸ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਸੂਬੇ ਵਿੱਚ ਵੱਡੇ ਵੱਡੇ ਬੋਰਡ ਲਗਾ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਣ ਤੇ ਦੂਜੇ ਪਾਸੇ ਡੀਜੀਪੀ ਸਿੱਖਾਂ ਨੂੰ ਅੱਤਵਾਦੀ ਬਣ ਕੇ ਆਉਣ ਦੀ ਗੱਲ ਕਰ ਰਹੇ ਹਨ। ਪਾਕਿਸਤਾਨ ਆਉਣ-ਜਾਣ ਵਾਲਿਆਂ ਦਾ ਰਿਕਾਰਡ ਪੁਲਿਸ ਅਤੇ ਖੁਫੀਆ ਵਿਭਾਗ ਕੋਲ ਮੌਜੂਦ ਹੈ। ਇਸ ਸੰਬੰਧੀ ਡੀਜੀਪੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿੰਨੇ ਲੋਕ ਪਾਕਿਸਤਾਨ ਤੋਂ ਅੱਤਵਾਦੀ ਬਣ ਕੇ ਆਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਡੀਜੀਪੀ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਸਿੱਖ ਸੜਕਾਂ ’ਤੇ ਉਤਰਨਗੇ।

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਉਣ ਵਾਲੇ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਜਿੱਥੇ ਸਿੱਖ ਕੌਮ ਦੀ 70 ਸਾਲਾਂ ਦੀ ਅਰਦਾਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ, ਉੱਥੇ ਹੀ ਭਾਰਤ ਤੇ ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲੇ ’ਤੇ ਵੀ ਸਿੱਧੇ ਤੌਰ ’ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਡੀਜੀਪੀ ਦੇ ਬਿਆਨ ਨੇ ਸਿੱਖ ਕੌਮ ਪ੍ਰਤੀ ਉਨ੍ਹਾਂ ਦੀ ਗ਼ਲਤ ਸੋਚ ਨੂੰ ਨਸ਼ਰ ਕੀਤਾ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਇਸੇ ਤਰ੍ਹਾਂ ਸੰਤ ਸਮਾਜ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਨੇ ਡੀਜੀਪੀ ਦੇ ਬਿਆਨ ਨੂੰ ਸਿੱਖ ਕੌਮ ਲਈ ਘਾਤਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਬਿਆਨ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀਆਂ, ਸਿੱਖ ਵਿਦਵਾਨਾਂ, ਸੰਤਾਂ-ਮਹਾਂਪੁਰਸ਼ਾਂ ’ਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਉਨ੍ਹਾਂ ਕਿਹਾ, ‘‘ਜੇ ਅਸੀਂ ਸਾਰੇ ਦਰਸ਼ਨ ਕਰਕੇ ਆਏ ਹਾਂ, ਤਾਂ ਕੀ ਅਸੀਂ ਅੱਤਵਾਦੀ ਬਣ ਗਏ ਹਾਂ?’’ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਆਪਣੀ ਸਥਿਤੀ ਸਪੱਸ਼ਟ ਕਰੇ ਅਤੇ ਸਿੱਖ ਵਿਚਾਰਧਾਰਾ ਨੂੰ ਸਮਝਣ ਵਾਲੇ ਕਿਸੇ ਪੁਲਿਸ ਅਫਸਰ ਨੂੰ ਡੀਜੀਪੀ ਦੇ ਅਹੁਦੇ ’ਤੇ ਤਾਇਨਾਤ ਕਰੇ, ਤਾਂ ਜੋ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਦੇ ਦੰਦ ਖੱਟੇ ਕੀਤੇ ਜਾ ਸਕਣ।

ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਡੀਜੀਪੀ ਦੇ ਬਿਆਨ ਬਾਰੇ ਕਿਹਾ ਕਿ ਬੇਸ਼ੱਕ ਉਨ੍ਹਾਂ ਕੋਲ ਕੋਈ ਖੁਫੀਆ ਰਿਪੋਰਟ ਹੋਵੇ ਪਰ ਸੰਗਤ ਨੂੰ ਡਰਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਨਹੀਂ ਵਰਜਿਆ ਜਾ ਸਕਦਾ ਹੈ। ਡੀਜੀਪੀ ਨੂੰ ਚਾਹੀਦਾ ਹੈ ਕਿ ਅਜਿਹੀ ਬਿਆਨਬਾਜ਼ੀ ਦੀ ਜਗ੍ਹਾ ਉਹ ਆਪਣੀ ਡਿਊਟੀ ’ਤੇ ਧਿਆਨ ਦੇਣ ਅਤੇ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਲਾਂਘਾ ਲੰਘਣ ਤੋਂ ਪਹਿਲਾਂ ਅੱਧੇ ਘੰਟੇ ਦੀ ਸਿਖਲਾਈ ਦੇਣ ਅਤੇ ਧਿਆਨ ਦੇਣ ਵਾਲੀਆਂ ਗੱਲਾਂ ਸਮਝਾਉਣ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦਿੱਤੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇਹ ਲਾਂਘੇ ਨੂੰ ਬੰਦ ਕਰਾਉਣ ਦੇ ਟੀਚੇ ਵਾਲੀ ਸਿੱਖਾਂ ਖ਼ਿਲਾਫ਼ ਡੂੰਘੀ ਸਾਜ਼ਿਸ਼ ਹੈ। ਸਿਰਸਾ ਨੇ ਕਿਹਾ ਕਿ ਕੇਪੀਐੱਸ ਗਿੱਲ ਦੇ ਸਮੇਂ ਵਾਲੀ ਤਰਕੀਬ ਅਪਣਾਉਂਦਿਆਂ ਲਾਂਘੇ ’ਤੇ ਅੱਤਵਾਦੀਆਂ ਤੋਂ ਹਮਲਾ ਕਰਵਾਇਆ ਜਾਵੇਗਾ ਤੇ ਫਿਰ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਿੱਖ ਕਦੇ ਵੀ ਪੰਜਾਬ ਪੁਲਿਸ ਨੂੰ ਕਾਂਗਰਸ ਪਾਰਟੀ ਦੇ ਹੁਕਮਾਂ ਅਨੁਸਾਰ ਗੁਰਧਾਮਾਂ ਖ਼ਿਲਾਫ਼ ਕੰਮ ਨਹੀਂ ਕਰਨ ਦੇਣਗੇ।