ਚੰਡੀਗੜ੍ਹ ( ਹਿਨਾ ) ਕੋਰੋਨਾਵਾਇਰਸ ਕਾਰਨ ਜੰਮੂ ਤੇ ਕਸ਼ਮੀਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 204 ਕੈਦੀਆਂ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਉਹ 45 ਕੈਦੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਖ਼ਤ ਲੋਕ ਸੁਰੱਖਿਆ ਐਕਟ ( ਪੀਐੱਸਏ ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਵਿਭਾਗ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਬਾਹਰ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 41 ਕੈਦੀਆਂ ‘ਤੇ ਆਇਦ ਪੀਐੱਸਏ ਨੂੰ ਵਾਪਸ ਲੈਂਦਿਆਂ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਅਧਿਕਾਰੀ ਮੁਤਾਬਕ ਇਸ ਪਹਿਲਾਂ 18 ਅਪ੍ਰੈਲ ਦੇ ਅਰਸੇ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 204 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪੀਐੱਸਏ ਤਹਿਤ ਗ੍ਰਿਫ਼ਤਾਰ 45 ਕੈਦੀ, ਅੰਡਰਟਰਾਇਲ ਨਜ਼ਰਸਾਨੀ ਕਮੇਟੀ ਤਹਿਤ 78 ਹਿਰਾਸਤੀ ਤੇ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ 9 ਹਿਰਾਸਤੀ ਵੀ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ 204 ਕੈਦੀਆਂ ‘ਚੋਂ 16 ਨੂੰ ਪੈਰੋਲ ‘ਤੇ ਰਿਹਾਅ ਕੀਤਾ ਹੈ। ਜੋ ਕਿ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ (ਐੱਸਐੱਲਐੱਸਏ) ਦੇ ਕਾਰਜਕਾਰੀ ਚੇਅਰਮੈਨ ਜਸਟਿਸ ਰਾਜੇਸ਼ ਬਿੰਦਲ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਉੱਚ ਤਾਕਤੀ ਕਮੇਟੀ ਨੇ ਜੇਲ੍ਹਾਂ ਵਿੱਚ ਭੀੜ ਭੜੱਕੇ ਨੂੰ ਘਟਾਉਣ ਦੇ ਇਰਾਦੇ ਨਾਲ ਜੰਮੂ ਤੇ ਕਸ਼ਮੀਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ( ਦਹਿਸ਼ਤਗਰਦੀ ਨਾਲ ਸਬੰਧਤ ਕੇਸਾਂ ਦੇ ਮੁਲਜ਼ਮਾਂ ਨੂੰ ਛੱਡ ਕੇ ) ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਗ੍ਰਹਿ ਵਿਭਾਗ ‘ਚ ਪ੍ਰਮੁੱਖ ਸਕੱਤਰ ਸ਼ਾਲੀਨ ਕਾਬਰਾ ਤੇ ਡੀਜੀਪੀ (ਜੇਲ੍ਹਾਂ) ਵੀ.ਕੇ. ਸਿੰਘ ਸ਼ਾਮਲ ਸਨ।