ਚੰਡੀਗੜ੍ਹ (ਅਤਰ ਸਿੰਘ) ਪੰਜਾਬ ‘ਚ ਕਰਫਿਊ ਲੱਗੇ ਨੂੰ ਹਾਲੇ 3 ਦਿਨ ਪੂਰੇ ਵੀ ਨਹੀਂ ਹੋਏ। ਲੋਕ ਘਰਾਂ ‘ਚ ਕੈਦ ਹੋ ਚੁੱਕੇ ਹਨ। ਜਿਸ ਕਾਰਨ ਪੰਜਾਬ ਦੇ ਕਈਂ ਜਿਲ੍ਹਿਆਂ ਦੇ ਪਿੰਡਾਂ ਦੇ ਲੋਕ ਹੁਣ ਤੋਂ ਹੀ ਰੋਟੀ ਦੀ ਬੁਰਕੀ-ਬੁਰਕੀ ਤੱਕ ਨੂੰ ਤਰਸਣ ਲੱਗੇ ਪਏ ਹਨ। ਹਾਲਾਕਿ ਸਰਕਾਰ ਵੱਲੋਂ ਰਾਸ਼ਨ, ਦੁੱਧ ਜਾਂ ਹੋਰ ਅੱਤ ਦੀਆਂ ਲੋੜੀਦੀਆਂ ਚੀਜ਼ਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਐਲਾਨ ਤਾਂ ਜਰੂਰ ਕੀਤਾ ਗਿਆ ਹੈ।

ਪਰ ‘ਦ ਖਾਲਸ ਟੀਵੀ ਨੂੰ ਅੱਜ ਸਵੇਰ ਤੋਂ ਹੀ ਪੰਜਾਬ ਦੇ ਜਿਲ੍ਹਾਂ ਅੰਮ੍ਰਿਤਸਰ ਦੇ ਪਿੰਡ ਜੰਡਿਆਲਾ ਗੁਰੂ, ਪਿੰਡ ਮਜੀਠਾ, ਸਿੰਘਾਂ ਦੀ ਸਲੌਦੀ, ਨੇੜੇ ਖੰਨਾ, ਲੁਧਿਆਣਾ, ਕਰਤਾਰਪੁਰ ਸਾਹਿਬ, ਜਿਲ੍ਹਾ ਜਲੰਧਰ ਅਤੇ ਵਲਟੋਹਾ ਭੱਟੀ, ਜਿਲ੍ਹਾ ਤਰਨਤਾਰਨ ਇਨ੍ਹਾਂ 5-7 ਪਿੰਡਾਂ ‘ਚ ਵਸਦੇ ਲੋਕਾਂ ਦੇ ਫੋਨ ਆ ਚੁੱਕੇ ਹਨ ਕਿ, ਉਨ੍ਹਾਂ ਦੇ ਘਰਾਂ ‘ਚ ਰੋਟੀ ਖਾਣ ਲਈ ਆਟਾ ਤੱਕ ਨਹੀਂ ਹੈ ਅਤੇ ਨਾਂ ਹੀ ਕੋਈ ਸਿਹਤ ਸੁਰੱਖਿਆ ਲਈ ਪ੍ਰਬੰਧ ਗਏ ਹਨ।

ਅੱਜ ਦੇ ਮੌਜੂਦਾ ਹਾਲਾਤਾ ‘ਚ ਪੰਜਾਬ ਦੇ ਕਈਂ ਪਿੰਡਾਂ ਦੇ ਲੋਕ ਘਰਾਂ ‘ਚ ਭੁੱਖੇ ਭਾਣੇ ਬੈਠੇ ਹਨ। ਇਸ ਲਈ ਹੁਣ ਸਿੱਧੇ ਪੰਜਾਬ ਸਰਕਾਰ ‘ਤੇ ਕਈਂ ਸਵਾਲ ਖੜੇ ਹੋ ਰਹੇ ਹਨ।

ਜੇਕਰ ਪੰਜਾਬ ਸਰਕਾਰ ਸਮੇਂ ਸਿਰ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾ ਦੇਵੇ ਤਾਂ ਸ਼ਾਇਦ ਕੋਈ ਵੀ ਘਰਾਂ ਚੋਂ ਬਾਹਰ ਨਾ ਨਿਕਲੇ।