‘ਦ ਖ਼ਾਲਸ ਬਿਊਰੋ :- ‘ਗੁਰੂ ਕੇ ਲਾਲ’ ਸੁਲਤਾਨ-ਉਲ-ਕੌਮ ਨਵਾਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ ‘1718 ਈਸਵੀ. ਨੂੰ ਪਿਤਾ ਸਰਦਾਰ ਬਦਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਆਪ ਪੰਜ ਸਾਲ ਦੇ ਹੀ ਸਨ ਕਿ ਆਪ ਦੇ ਪਿਤਾ ਰੱਬ ਨੂੰ ਪਿਆਰੇ ਹੋ ਗਏ। ਆਪ ਨੂੰ ਆਪ ਜੀ ਦੀ ਮਾਤਾ ਨੇ ਆਪਣੇ ਭਰਾ ਸ. ਭਾਗ ਸਿੰਘ ਦੀ ਸਹਾਇਤਾ ਨਾਲ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਭੇਜ ਦਿੱਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਕੋਲ ਰਹਿ ਕੇ ਆਪ ਸੇਵਾ ਸਿਮਰਨ ਕਰਦੇ ਰਹੇ। ਮਾਤਾ ਸੁੰਦਰੀ ਜੀ ਆਪ ਜੀ ਦੀ ਨੇਕ-ਨੀਤੀ ਤੋਂ ਬੇਹੱਦ ਖ਼ੁਸ਼ ਹੋਏ ਤੇ ਆਪ ਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਕਰਦੇ ਸਨ। ਆਪ ਕਾਫ਼ੀ ਸਮਾਂ ਮਾਤਾ ਸੁੰਦਰੀ ਜੀ ਕੋਲ ਰਹੇ। ਇਸ ਦੌਰਾਨ ਆਪ ਜੀ ਨੇ ਕਈ ਭਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਸ਼ਸਤਰ ਵਿੱਦਿਆ ਵੀ ਆਪ ਨੇ ਮਾਤਾ ਸੁੰਦਰੀ ਜੀ ਦੀ ਦੇਖ-ਰੇਖ ਵਿਚ ਹੀ ਪ੍ਰਾਪਤ ਕੀਤੀ। ਜਦੋਂ ਆਪ ਮਾਤਾ ਸੁੰਦਰੀ ਜੀ ਕੋਲੋਂ ਵਿਦਾ ਹੋਣ ਲੱਗੇ ਤਾਂ ਮਾਤਾ ਜੀ ਨੇ ਆਪ ਦੇ ਸਿੱਖੀ ਸਿਦਕ ਤੇ ਉੱਚੇ-ਸੁੱਚੇ ਜੀਵਨ ਨੂੰ ਦੇਖਦਿਆਂ ਆਪ ਨੂੰ ਢਾਲ, ਕਿਰਪਾਨ, ਗੁਰਜ, ਤੀਰ-ਕਮਾਨ ਤੇ ਚਾਂਦੀ ਦੀ ਇਕ ਚੋਬ ਦੇ ਕੇ ਨਵਾਜਿਆ।

ਸ. ਜੱਸਾ ਸਿੰਘ ਆਹਲੂਵਾਲੀਆ ਦੇ ਪਰਿਵਾਰ ਦਾ ਸਿੱਖ ਪੰਥ ਨਾਲ ਸਬੰਧ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ। ਇਨ੍ਹਾਂ ਸਬੰਧਾਂ ਦਾ ਆਰੰਭ ਭਾਈ ਨੈਤਾ ਸਿੰਘ ਅਤੇ ਉਸ ਦੇ ਸਪੁੱਤਰ ਬਧਾਵਾ ਸਿੰਘ ਵੱਲੋਂ ਸਤਿਗੁਰੂ ਦੀ ਫੌਜ ਵਿੱਚ ਭਰਤੀ ਹੋਣ ਨਾਲ ਹੁੰਦਾ ਹੈ। ਦੋਵੇਂ ਪਿਉ-ਪੁੱਤ ਬਹਾਦਰ ਸੂਰਵੀਰ ਯੋਧੇ ਸਨ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਤੋਂ ਬਹੁਤ ਖੁਸ਼ ਸਨ। ਭਾਈ ਬਧਾਵਾ ਸਿੰਘ ਦਾ ਪੁੱਤ ਭਾਈ ਮੰਨਾ ਸਿੰਘ ਵੀ ਆਪਣੇ ਪਿਉ ਅਤੇ ਦਾਦੇ ਵਾਂਗ ਵੱਡਾ ਪ੍ਰਤਾਪੀ ਯੋਧਾ ਸੀ।

ਆਹਲੂਵਾਲੀਆ ਨਾਂ ਪੈਣਾ:
ਭਾਈ ਗੰਡਾ ਸਿੰਘ ਦਾ ਲਾਹੌਰ ਦੇ ਇਲਾਕੇ ਵਿੱਚ ਪੂਰਾ ਦਾਅਬਾ ਕਾਇਮ ਸੀ। ਉਹ ਮੁਗਲਾਂ ਦੀਆਂ ਫੌਜਾਂ ਨੂੰ ਟਿੱਚ ਸਮਝਦੇ ਸੀ। ਜਦੋਂ ਭਾਈ ਗੰਡਾ ਸਿੰਘ ਮੁਗਲਾਂ ਦੇ ਹੱਥ ਨਾ ਆਇਆ ਤਾਂ ਲਾਹੌਰ ਦੇ ਨਾਇਬ ਹਾਕਿਮ ਦਿਲਾਵਰ ਖਾਂ ਨੇ ਭਾਈ ਗੰਡਾ ਸਿੰਘ ਨੂੰ ਮੁਗਲਾਂ ਦੀ ਫੌਜ ਵਿੱਚ ਭਰਤੀ ਹੋਣ ਲਈ ਮਨਾ ਲਿਆ। ਮੁਲਤਾਨ ਦੀ ਇਕ ਲੜਾਈ ਵਿੱਚ ਭਾਈ ਗੰਡਾ ਸਿੰਘ ਦੀ ਬਹਾਦਰੀ ਵੇਖਕੇ ਦਿਲਾਵਰ ਖਾਂ ਨੇ ਭਾਈ ਨੂੰ ਆਹਲੂ, ਹਲੋ, ਸਾਧੋ, ਤੂਰ ਅਤੇ ਚੱਕ ਪਿੰਡਾਂ ਦੀ ਜਾਗੀਰ ਦੇ ਦਿੱਤੀ ਸੀ। ਆਹਲੂ ਪਿੰਡ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਭਾਈ ਗੰਡਾ ਸਿੰਘ ਦੇ ਵਾਰਿਸਾਂ ਨੂੰ ਆਹਲੂਵਾਲੀਆ ਕਿਹਾ ਜਾਣ ਲੱਗਾ।
ਭਾਈ ਗੰਡਾ ਸਿੰਘ ਦੇ ਪੁੱਤਰ ਸਾਧੂ ਸਿੰਘ ਦਾ ਵਿਆਹ ਕਲਾਲ ਖਾਨਦਾਨ ਦੀ ਧੀ ਨਾਲ ਹੋਇਆ। ਸਾਧੂ ਸਿੰਘ ਦੇ ਘਰ ਚਾਰ ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ ਅਤੇ ਇਨ੍ਹਾਂ ਪੰਜਾਂ ਦਾ ਵਿਆਹ ਵੀ ਕਲਾਲਾਂ ਪਰਿਵਾਰਾਂ ਵਿੱਚ ਹੋਇਆ,ਇਸੇ ਕਰਕੇ ਕਈ ਲੋਕ ਇਨ੍ਹਾਂ ਨੂੰ ਆਹਲੂਵਾਲੀਆ ਕਲਾਲ ਵੀ ਲਿਖਦੇ ਹਨ।
ਸ. ਜੱਸਾ ਸਿੰਘ ਆਹਲੂਵਾਲੀਆ ਇਕ ਮਹਾਨ ਜਰਨੈਲ ਤੇ ਧਰਮੀ ਪੁਰਖ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾ ਕੇ ਸਿੱਖੀ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਿਆ।

ਆਪ ਦਿੱਲੀ ਤੋਂ ਪੰਜਾਬ ਪਹੁੰਚੇ ਤੇ ਪੰਜਾਬ ਆਉਂਦਿਆ ਹੀ ਨਵਾਬ ਕਪੂਰ ਸਿੰਘ ਦੇ ਜਥੇ ‘ਚ ਸ਼ਾਮਲ ਹੋ ਗਏ। ਜਲਦੀ ਹੀ ਆਪ ਨੇ ਆਪਣੇ ਨੇਕ ਸੁਭਾਅ ਤੇ ਤੇਜ਼ ਬੁੱਧੀ ਸਦਕਾ ਨਵਾਬ ਕਪੂਰ ਸਿੰਘ ਦੇ ਦਿਲ ਵਿਚ ਖ਼ਾਸ ਥਾਂ ਬਣਾ ਲਈ। 1748 ਈਸਵੀ ਨੂੰ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਮੁਗ਼ਲ ਸਲਾਬਤ ਖ਼ਾਨ ਨੂੰ ਹਰਾਇਆ ਤੇ ਵਿਸਾਖੀ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 65 ਜਥਿਆਂ ਨੂੰ 11 ਮਿਸਲਾਂ (12ਵੀਂ ਮਿਸਲ ਫੂਲਕੀਆ ਪਾ ਕੇ) ਵਿਚ ਵੰਡਿਆ ਤੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ। ਇਸ ਮੌਕੇ ਕਾਇਮ ਕੀਤੀਆਂ ਗਈਆਂ ਮਿਸਲਾਂ ਦੇ ਨਾਂ ਅਤੇ ਉਨ੍ਹਾਂ ਦੇ ਮੁਖੀ ਇਸ ਪ੍ਰਕਾਰ ਸਨ : ਮਿਸਲ ਸਿੰਘਪੁਰੀਆ ਜਾਂ ਫੈਜ਼ਲਪੁਰੀਆ-ਜਥੇਦਾਰ ਨਵਾਬ ਕਪੂਰ ਸਿੰਘ, ਮਿਸਲ ਆਹਲੂਵਾਲੀਆ-ਸ. ਜੱਸਾ ਸਿੰਘ ਆਹਲੂਵਾਲੀਆ, ਮਿਸਲ ਭੰਗੀਆਂ-ਜਥੇਦਾਰ ਹਰੀ ਸਿੰਘ ਭੰਗੀ, ਮਿਸਲ ਸ਼ੁੱਕਰਚੱਕੀਆ-ਸ. ਚੜ੍ਹਤ ਸਿੰਘ, ਮਿਸਲ ਨਿਸ਼ਾਨਾਂ ਵਾਲੀ-ਸ. ਦੁਸੰਧਾ ਸਿੰਘ, ਮਿਸਲ ਰਾਮਗੜ੍ਹੀਆ-ਸ. ਜੱਸਾ ਸਿੰਘ ਰਾਮਗੜ੍ਹੀਆ, ਮਿਸਲ ਸ਼ਹੀਦਾਂ-ਬਾਬਾ ਦੀਪ ਸਿੰਘ ਜੀ ਸ਼ਹੀਦ, ਮਿਸਲ ਕਨ੍ਹਈਆ-ਸ. ਜੈ ਸਿੰਘ ਕਾਨ੍ਹਾ, ਮਿਸਲ ਡੱਲੇਵਾਲੀਆ-ਸ. ਤਾਰਾ ਸਿੰਘ, ਮਿਸਲ ਨਕਈਆਂ- ਸ. ਹੀਰਾ ਸਿੰਘ ਲਾਹੌਰ ਅਤੇ ਮਿਸਲ ਕਰੋੜਾਸਿੰਘੀਆ-ਕਰੋੜਾ ਸਿੰਘ ਪੰਜਗੜ੍ਹ, ਗੁਰਦਾਸਪੁਰ ਸ਼ਾਮਲ ਸਨ। ਇਸ ਤੋਂ ਇਲਾਵਾ ਪਟਿਆਲਾ, ਨਾਭਾ, ਜੀਂਦ, ਫੂਲਕੀਆ ਤੇ ਫ਼ਰੀਦਕੋਟ ਦੇ ਰਾਜਿਆਂ ਦੀ ਮਿਸਲ ਫੂਲਕੀਆ ਹੋਂਦ ਵਿੱਚ ਆਈ। ਇਨ੍ਹਾਂ ਮਿਸਲਾਂ ਦੇ ਸਰਦਾਰਾਂ ਨੇ ਮਿਲ ਕੇ ਪੰਜਾਬ ਵਿਚ ਦੂਰ-ਦੂਰ ਤੱਕ ਇਲਾਕੇ ਵੰਡ ਲਏ ਤੇ ਆਪਣੀ-ਆਪਣੀ ਸ਼ਕਤੀ ਨਾਲ ਕਬਜ਼ੇ ਕਰ ਲਏ। ਅਹਿਮਦ ਸ਼ਾਹ ਅਬਦਾਲੀ ਹੜ੍ਹ ਵਾਂਗ ਲਾਹੌਰ ਤੋਂ ਵਧਿਆ ਤੇ ਦਿੱਲੀ ਪਹੁੰਚ ਗਿਆ ਤੇ ਲੁੱਟ-ਮਾਰ ਸ਼ੁਰੂ ਕਰ ਦਿੱਤੀ, ਬਹੂ-ਬੇਟੀਆਂ ਦੀ ਇੱਜ਼ਤ ਰੋਲੀ। ਬਾਦਸ਼ਾਹ ਆਲਮਗੀਰ ਦੀ ਖ਼ੂਬਸੂਰਤ ਤੇ ਜਵਾਨ ਬੇਟੀ ਜੂਹਰਾ ਬੇਗਮ ਦਾ ਨਿਕਾਹ ਜ਼ਬਰਦਸਤੀ ਆਪਣੇ ਪੁੱਤਰ ਤੈਮੂਰ ਸ਼ਾਹ ਨਾਲ ਕਰ ਦਿੱਤਾ। ਦਿੱਲੀ ਤੋਂ ਬਾਅਦ ਉਸ ਨੇ ਆਗਰਾ ਵੀ ਲੁੱਟਿਆ। ਹੋਲੀਆਂ ਦੇ ਦਿਨਾਂ ਵਿਚ ਮਥੁਰਾ ਬ੍ਰਿੰਦਾਬਨ ਪਹੁੰਚ ਕੇ ਹਿੰਦੂਆਂ ਦੇ ਮੰਦਰ ਲੁੱਟੇ। ਸੋਨੇ-ਚਾਂਦੀ ਦੀਆਂ ਮੂਰਤੀਆਂ ਲੁੱਟ ਲਈਆਂ। ਖ਼ੂਬਸੂਰਤ ਨੌਜਵਾਨ ਲੜਕੀਆਂ ਦੀ ਬੇਪਤੀ ਕੀਤੀ।

ਲੁੱਟ-ਮਾਰ ਕਰ ਕੇ ਅਬਦਾਲੀ ਫਿਰ ਦਿੱਲੀ ਪਹੁੰਚ ਗਿਆ। ਮੁਹੰਮਦ ਸ਼ਾਹ ਦੀ 16 ਸਾਲ ਦੀ ਲੜਕੀ ਦੀ ਬੇਪਤੀ ਕਰਦਾ ਰਿਹਾ। ਸ਼ਾਹੀ ਖ਼ਾਨਦਾਨ ਦੀਆਂ 17 ਜਵਾਨ ਸ਼ਹਿਜ਼ਾਦੀਆਂ, 20 ਹਜ਼ਾਰ ਹਿੰਦੂ ਲੜਕੀਆਂ ਤੇ ਔਰਤਾਂ ਨੂੰ ਕਬਜ਼ੇ ‘ਚ ਲੈ ਕੇ ਕਰੋੜਾਂ ਰੁਪਏ ਦਾ ਲੁੱਟਿਆ ਮਾਲ, ਮੱਝਾਂ-ਗਾਵਾਂ, ਬਹੂ-ਬੇਟੀਆਂ ਦੇ ਹੱਥ-ਪੈਰ ਬੰਨ੍ਹ ਕੇ ਗੱਡਿਆਂ ‘ਤੇ ਬਿਠਾ ਕੇ, ਫ਼ੌਜ ਦੇ ਪਹਿਰੇ ਹੇਠ ਅਪ੍ਰੈਲ 1757 ਨੂੰ ਦਿੱਲੀ ਤੋਂ ਕਾਬਲ ਵੱਲ ਚੱਲ ਪਿਆ। ਇਸ ਗੱਲ ਦਾ ਪਤਾ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਲੱਗਾ ਤਾਂ ਉਨ੍ਹਾਂ ਨੇ ਸਿੰਘਾਂ ਨੂੰ ਲਲਕਾਰਿਆ ਤੇ ਜਿੱਥੇ-ਜਿੱਥੇ ਵੀ ਸਿੰਘ ਸਨ, ਸੁਨੇਹੇ ਭੇਜੇ ਕਿ ਜੇ ਅਬਦਾਲੀ ਪੰਜਾਬ ਵਿਚੋਂ ਦੀ ਲੁੱਟ ਦਾ ਮਾਲ ਤੇ ਬਹੂ-ਬੇਟੀਆਂ ਨੂੰ ਲੈ ਗਿਆ ਤਾਂ ਅਸੀ ਕਲਗੀਧਰ ਪਾਤਸ਼ਾਹ ਨੂੰ ਕੀ ਮੂੰਹ ਦਿਖਾਵਾਂਗੇ। ਸੁਨੇਹੇ ਮਿਲਦਿਆਂ ਹੀ ਖ਼ਾਲਸਾ ਤਿਆਰ ਹੋ ਗਿਆ। ਖ਼ਾਲਸਾ ਸੋਇ ਜੋ ਚੜ੍ਹਹਿ ਤੁਰੰਗ।ਖ਼ਾਲਸਾ ਸੋ ਜੋ ਕਰੈ ਨਿਤ ਜੰਗ। ਅਬਦਾਲੀ ਨੇ ਭਾਰਤ ਉੱਪਰ 1747 ਤੋਂ 1769 ਤਕ ਕੁੱਲ ਦਸ ਹਮਲੇ ਕੀਤੇ। ਉਸ ਨੇ ਪਹਿਲਾ ਹਮਲਾ 1747 ਈਸਵੀ, ਦੂਜਾ 1749, ਤੀਜਾ 1751 ਤੇ1752, ਚੌਥਾ 1756 ਤੇ 1757, ਪੰਜਵਾਂ 1759 ਤੇ 1761, ਛੇਵਾਂ 1762, ਸੱਤਵਾਂ 1764 ਤੇ 1765, ਅੱਠਵਾਂ 1767, ਨੌਵਾਂ 1768 ਅਤੇ ਦੱਸਵਾਂ ਹਮਲਾ 1769 ਈਸਵੀ ਵਿਚ ਕੀਤਾ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਬਾਬਾ ਦੀਪ ਸਿੰਘ ਜੀ ਨਾਲ ਮਿਲ ਕੇ ਅਬਦਾਲੀ ਦੀ ਲੁੱਟ ਦਾ ਮਾਲ ਲੁੱਟ ਕੇ, ਬਹੂ-ਬੇਟੀਆਂ ਨੂੰ ਛੁਡਵਾ ਕੇ ਉਸ ਦੀ ਫ਼ੌਜ ਦਾ ਭਾਰੀ ਨੁਕਸਾਨ ਕੀਤਾ। ਅਬਦਾਲੀ ਮੁਸ਼ਕਲ ਨਾਲ ਜਾਨ ਬਚਾ ਕੇ ਦੌੜਿਆ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਕੌਮ ਨੇ ‘ਸੁਲਤਾਨ-ਉਲ-ਕੌਮ’ ਤੇ ‘ਬੰਦੀ ਛੋੜ’ ਦਾ ਖ਼ਿਤਾਬ ਦਿੱਤਾ। 1762 ਵਿੱਚ ਅਬਦਾਲੀ ਨੇ ਫਿਰ ਭਾਰਤ ‘ਤੇ ਹਮਲਾ ਕੀਤਾ।

ਅਬਦਾਲੀ ਨੇ 20 ਹਜ਼ਾਰ ਦੇ ਕਰੀਬ ਬੱਚੇ, ਬੁੱਢੇ, ਔਰਤਾਂ ਤੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸਿੱਖ ਇਤਹਾਸ ਵਿਚ ‘ਵੱਡਾ ਘੱਲੂਘਾਰਾ’ ਕਰ ਕੇ ਜਾਣਿਆ ਜਾਂਦਾ ਹੈ। ਇਸ ਜੰਗ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ‘ਤੇ 22 ਫੱਟ ਲੱਗੇ ਸਨ। ਵਾਪਸ ਮੁੜਦਿਆਂ ਅਬਦਾਲੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਤੇ ਸਰੋਵਰ ਮਿੱਟੀ ਨਾਲ ਭਰ ਦਿੱਤਾ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਮੁੜ ‘ਦਲ ਖ਼ਾਲਸਾ’ ਸੁਰਜੀਤ ਕੀਤਾ ਤੇ 1764 ਨੂੰ ਸਰਹਿੰਦ ‘ਤੇ ਹਮਲਾ ਕਰ ਕੇ ਫ਼ੌਜ਼ਦਾਰ ਜੈਨ ਖ਼ਾਂ ਨੂੰ ਮਾਰ ਦਿੱਤਾ। 1765 ਵਿੱਚ ਅਬਦਾਲੀ ਨੇ ਫਿਰ ਹਮਲਾ ਕੀਤਾ। ਇਸ ਹਮਲੇ ਦੌਰਾਨ ਅਬਦਾਲੀ ਨੇ ਸਿੱਖਾਂ ਦੀ ਵਧਦੀ ਹੋਈ ਸ਼ਕਤੀ ਨੂੰ ਵੇਖਦਿਆਂ ਸਮਝੌਤਾ ਕਰਨ ਦਾ ਯਤਨ ਕੀਤਾ ਤਾਂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। 1774 ਈਸਵੀ ਨੂੰ ਸ. ਜੱਸਾ ਸਿੰਘ ਨੇ ਕਪੂਰਥਲਾ ਨੂੰ ਆਪਣੀ ਰਾਜਧਾਨੀ ਬਣਾਇਆ। ਸ. ਜੱਸਾ ਸਿੰਘ ਆਹਲੂਵਾਲੀਆ ਇੱਕ ਮਹਾਨ ਜਰਨੈਲ ਤੇ ਧਰਮੀ ਪੁਰਖ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾ ਕੇ ਸਿੱਖੀ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਿਆ। ਅੰਤ 20 ਅਕਤੂਬਰ 1783 ਨੂੰ ਇਹ ਮਹਾਨ ਜਰਨੈਲ ਸਦਾ ਲਈ ਸਾਡੇ ਕੋਲੋਂ ਵਿਛੜ ਗਿਆ। ਅੰਮ੍ਰਿਤਸਰ ਵਿੱਚ ਬਾਬਾ ਅਟੱਲ ਰਾਏ ਜੀ ਦੇ ਅਸਥਾਨ ਨੇੜੇ ਉਨ੍ਹਾਂ ਦੀ ਸਮਾਧ ਸਥਿੱਤ ਹੈ।