India

ਜੇਐੱਨਯੂ ‘ਚ ਏਬੀਵੀਪੀ ਤੇ ਖੱਬੇ ਪੱਖੀ ਗਠਜੋੜ ਵਿਚਾਲੇ ਝੜਪ, ਕਈ ਸਟੂਡੈਂਟ ਜ਼ਖਮੀ

‘ਦ ਖ਼ਾਲਸ ਟੀਵੀ ਬਿਊਰੋ:- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਖੱਬੇ ਪੱਖੀ ਗਠਜੋੜ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਮੈਂਬਰਾਂ ਦਰਮਿਆਨ ਝੜਪ ਹੋ ਗਈ ਹੈ। ਇਸ ਝੜਪ ਵਿੱਚ 12 ਤੋਂ ਵੱਧ ਵਿਦਿਆਰਥੀ ਜ਼ਖਮੀ ਹੋਏ ਹਨ। ਜ਼ਖ਼ਮੀ ਵਿਦਿਆਰਥੀਆਂ ਵਿੱਚੋਂ 3 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਦਿੱਲੀ ਦੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਲੰਘੀ ਸ਼ਾਮ ਦਿੱਲੀ ‘ਚ ਜੇਐੱਨਯੂ ‘ਚ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਬਹਿਸ ਅਤੇ ਹੱਥੋਪਾਈ ਹੋ ਗਈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਖੱਬੇ ਪੱਖੀ ਵਿਦਿਆਰਥੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਹੱਥੋਪਾਈ ਹੋ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੋਵਾਂ ਧੜਿਆਂ ਦੇ ਵਿਦਿਆਰਥੀਆਂ ਨੇ ਇਕ-ਦੂਜੇ ‘ਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਜੇਐਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਹਮਲੇ ਦਾ ਦੋਸ਼ ਏਬੀਵੀਪੀ ‘ਤੇ ਲਾਇਆ ਹੈ।

ਇਸ ਘਟਨਾ ਤੋਂ ਬਾਅਦ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸਐਫਆਈ) ਦੀ ਆਗੂ ਅਤੇ ਜੇਐਨਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਏਬੀਵੀਪੀ ਦੇ ਗੁੰਡਿਆਂ ਨੇ ਅੱਜ ਜੇਐਨਯੂ ਵਿੱਚ ਹਿੰਸਾ ਫੈਲਾਈ। ਵਾਰ-ਵਾਰ ਇਨ੍ਹਾਂ ਅਪਰਾਧੀਆਂ ਨੇ ਵਿਦਿਆਰਥੀਆਂ ‘ਤੇ ਹਿੰਸਾ ਦਾ ਸਹਾਰਾ ਲਿਆ ਹੈ ਅਤੇ ਕੈਂਪਸ ਦੇ ਲੋਕਤੰਤਰ ਨੂੰ ਭੰਗ ਕੀਤਾ ਹੈ।