ਚੰਡੀਗੜ੍ਹ- ਦੇਸ਼ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਮਾਮਲੇ ਉੱਤੇ ਵੀਰਵਾਰ ਰਾਤ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਦੇਸ਼ਵਾਸੀਆਂ ਤੋਂ ਜਨਤਕ ਕਰਫਿਊ ਮੰਗ ਰਿਹਾ ਹਾਂ। ਉਨ੍ਹਾਂ ਕਿਹਾ ਕਿ 60 ਤੋਂ 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਘਰ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਹਫ਼ਤਿਆਂ ਤੱਕ ਲੋਕ ਜ਼ਿਆਦਾ ਜ਼ਰੂਰੀ ਕੰਮ ਹੋਣ ‘ਤੇ ਹੀ ਬਾਹਰ ਨਿਕਲਣ। ਮੋਦੀ ਨੇ ਕਾਰੋਬਾਰੀਆਂ ਤੇ ਕੰਪਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਘਰੋਂ ਕੰਮ ਕੀਤਾ ਜਾਵੇ ਅਤੇ ਜੇਕਰ ਮੁਲਾਜ਼ਮ ਕੁੱਝ ਦਿਨ ਨਾ ਆ ਸਕਣ ਤਾਂ ਕੰਪਨੀਆਂ ਉਨ੍ਹਾਂ ਦੀ ਤਨਖ਼ਾਹ ਨਾ ਕੱਟਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਵਿਸ਼ਵ ਮਹਾਂਮਾਰੀ ਦੱਸਦਿਆਂ ਇਸ ਦੇ ਟਾਕਰੇ ਲਈ ਦੋ ਨੁਕਾਤੀ ਫਾਰਮੂਲਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਤੁਹਾਡਾ ਕੁੱਝ ਹਫ਼ਤਿਆਂ ਲਈ ਸਮਾਂ ਚਾਹੀਦਾ ਹੈ ਅਤੇ ਇਸ ਦੌਰਾਨ ਸੰਜਮ ਅਤੇ ਸੰਕਲਪ ਨਾਲ ਅਸੀਂ ਇਸ ਮਹਾਂਮਾਰੀ ਦਾ ਟਾਕਰਾ ਕਰ ਸਕਦੇ ਹਾਂ।”

ਉਨ੍ਹਾਂ ਨੇ ਪਹਿਲਾ ਨੁਕਤਾ ਦੱਸਿਆ ਹੈ ਕਿ ਅਸੀਂ ਸੰਕਲਪ ਲੈਣਾ ਹੈ ਕਿ ਖ਼ੁਦ ਇਨਫੈਕਸ਼ਨ ਤੋਂ ਬਚਾਂਗੇ ਤੇ ਦੂਜਿਆਂ ਨੂੰ ਵੀ ਬਚਾਵਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਹਤਮੰਦ ਤਾਂ ਜਗਤ ਸਿਹਤਮੰਦ।” ਦੂਜੀ ਲੋੜ ਹੈ-ਸੰਜਮ, ਇਸਦਾ ਤਰੀਕਾ ਹੈ ਭੀੜ ਤੋਂ ਬਚਣਾ, ਘਰੋਂ ਬਾਹਰ ਨਿਕਲਣ ਤੋਂ ਬਚਣਾ-ਸੋਸ਼ਲ ਡਿਸਟੈਂਸਿੰਗ। ਇਹ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ ਤੇ ਫਾਇਦੇਮੰਦ ਵੀ ਹੈ। ਉਨ੍ਹਾਂ ਨੇ ਕਿਹਾ ਕਿ ਸਭ ਨੂੰ ਦ੍ਰਿੜ ਹੋ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਹੁਣ ਖ਼ੁਦ ਨੂੰ ਕੋਰੋਨਾ ਤੋਂ ਬਚਣ ਲਈ ਹੀ ਪਹਿਲ ਦੇਣੀ ਹੈ।

ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਮ ਜਨਤਾ 22 ਮਾਰਚ ਨੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਆਪ ਹੀ ਕਰਫਿਊ ਲਗਾ ਲਏ। ਉਨ੍ਹਾਂ ਨੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ , ਫੂਡ ਸਪਲਾਈ ਕਰਨ ਵਾਲੇ ਲੋਕਾਂ ਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ। ਮੋਦੀ ਨੇ ਕਿਹਾ ਕਿ ਸਾਨੂੰ ਸਭ ਨੂੰ 22 ਮਾਰਚ ਨੂੰ ਸ਼ਾਮ ਨੂੰ ਠੀਕ 5 ਵਜੇ ਆਪਣੇ ਘਰ ਦੇ ਦਰਵਾਜ਼ੇ ਤੇ ਖੜ੍ਹੇ ਹੋ ਕੇ 5 ਮਿੰਟ ਤੱਕ ਅਜਿਹੇ ਲੋਕਾਂ ਦਾ ਤਾਲੀ ਵਜਾ ਕੇ, ਥਾਲੀ ਵਜਾ ਕੇ, ਘੰਟੀ ਵਜਾ ਕੇ ਧੰਨਵਾਦ ਕਰਨਾ ਚਾਹੀਦਾ ਹੈ,ਇਨ੍ਹਾਂ ਦੀ ਹੌਂਸਲਾਫਜ਼ਾਈ ਕਰਨੀ ਚਾਹੀਦੀ ਹੈ। ਸਾਨੂੰ ਪੂਰੀ ਸ਼ਰਧਾ ਨਾਲ ਇਨ੍ਹਾਂ ਪ੍ਰਤੀ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨੀਆਂ ਚਾਹੀਦੀਆਂ ਹਨ। ਨਰਿੰਦਰ ਮੋਦੀ ਨੇ ਲੋਕਾਂ ਨੂੰ ਰੁਟੀਨ ਚੈੱਕਅੱਪ ਲਈ ਹਸਪਤਾਲਾਂ ਵਿੱਚ ਜਾ ਕੇ ਸਿਹਤ ਸੇਵਾਵਾਂ ਉੱਤੇ ਭਾਰ ਨਾ ਵਧਾਉਣ ਬਾਰੇ ਕਿਹਾ ਕੇਵਲ ਜ਼ਰੂਰੀ ਸਰਜਰੀ ਲਈ ਹੀ ਹਸਪਤਾਲਾਂ ਵਿੱਚ ਜਾਣ ਲਈ ਕਿਹਾ।

ਉਨ੍ਹਾਂ ਨੇ ਕਿਹਾ ਕਿ ਲੋੜ ਤੋਂ ਵੱਧ ਖਰੀਦਦਾਰੀ ਨਾ ਕੀਤੀ ਜਾਵੇ। ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਦੁੱਧ, ਖਾਣ-ਪੀਣ ਦਾ ਸਮਾਨ, ਦਵਾਈਆਂ ਦੀ ਕਮੀ ਨਾ ਆਵੇ, ਉਸ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਸ ਲਈ ਉਨ੍ਹਾਂ ਨੇ ਦੱਸਿਆ ਕਿ ਆਰਥਿਕ ਮਾਮਲਿਆਂ ਲਈ ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਨੇ ਕੋਵਿਡ-19 ਇਕਨੋਮਿਕ ਟਾਸਕ ਫੋਰਸ ਦਾ ਵਿਸ਼ੇਸ਼ ਗਠਨ ਕੀਤਾ ਹੈ। ਇਹ ਟਾਸਕਫੋਰਸ ਵਿੱਤੀ ਮੁਸ਼ਕਲਾਂ ਨੂੰ ਕਾਬੂ ਕਰਨ ਲਈ ਫ਼ੈਸਲਾ ਲਏਗੀ। ਮੋਦੀ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਲਈ ਕਿਹਾ ਅਤੇ ਸਹੀ ਜਾਣਕਾਰੀ ਉੱਤੇ ਹੀ ਭਰੋਸਾ ਕਰਨ। ਅਜਿਹੇ ਸਮੇਂ ਵਿੱਚ ਕੁੱਝ ਮੁਸ਼ਕਿਲਾਂ ਆਉਂਦੀਆਂ ਹਨ, ਅਫ਼ਵਾਹਾਂ ਵੀ ਫੈਲਦੀਆਂ ਹਨ ਫਿਰ ਵੀ ਇਹ ਸੰਕਟ ਇੰਨਾ ਵੱਡਾ ਹੈ ਕਿ ਇੱਕ ਦੇਸ਼ ਦੂਜੇ ਦੇਸ਼ ਦੀ ਮਦਦ ਵੀ ਨਹੀਂ ਕਰ ਪਾ ਰਿਹਾ।

ਉਨ੍ਹਾਂ ਨੇ ਸਿਹਤ ਸਹੂਲਤਾਂ ਨਾਲ ਜੁੜੇ ਲੋਕਾਂ, ਮੀਡੀਆ ਕਰਮੀਆਂ ਦਾ ਸਰਗਰਮ ਰਹਿਣ ‘ਤੇ ਜ਼ੋਰ ਦਿੱਤਾ। ਭਾਰਤ ਵਰਗੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਾਹਮਣੇ ਵਿਕਾਸਸ਼ੀਲ ਦੇਸ਼ ਲਈ ਇਹ ਸੰਕਟ ਆਮ ਨਹੀਂ ਹੈ। ਲੋਕ ਕੇਂਦਰ ਤੇ ਸੂਬਾ ਸਰਕਾਰਾਂ ਦੇ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ। ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਣ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਅਤੇ ਨਾ ਹੀ ਟੀਕਾ ਬਣ ਸਕਿਆ ਹੈ। ਇਸ ਲਈ ਫਿਕਰ ਸੁਭਾਵਿਕ ਹੈ। ਇਹ ਇੱਕ ਅਜਿਹਾ ਸੰਕਟ ਹੈ ਜਿਸ ਨੇ ਦੁਨੀਆ ਭਰ ਵਿੱਚ ਸਾਰੀ ਮਨੁੱਖ ਜਾਤੀ ਨੂੰ ਜਕੜ ਲਿਆ ਹੈ। ਵਿਸ਼ਵ ਜੰਗ ਤੋਂ ਵੀ ਇੰਨੇ ਦੇਸ਼ ਪ੍ਰਭਾਵਿਤ ਨਹੀਂ ਹੋਏ ਸੀ, ਜਿੰਨੇ ਇਸ ਕੋਰੋਨਾਵਾਇਸ ਤੋਂ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਤੋਂ ਨਿਸ਼ਚਿੰਤ ਹੋਣ ਦੀ ਸੋਚ ਸਹੀ ਨਹੀਂ ਹੈ, ਸਾਰੇ ਭਾਰਤੀਆਂ ਦਾ ਚੌਕਸ ਰਹਿਣਾ ਜ਼ਰੂਰੀ ਹੈ। ਉਨ੍ਹਾਂ ਨੇ ਆਪਣੇ ਭਾਸ਼ਨ ਵਿੱਚ ਦੱਸਿਆ ਕਿ ਜਦੋਂ ਮੈਂ ਛੋਟਾ ਸੀ ਤਦ ਮੈਂ ਵੇਖਿਆ ਸੀ ਕਿ ਪਿੰਡ-ਪਿੰਡ ਬਲੈਕਆਊਟ ਕੀਤਾ ਜਾਂਦਾ ਸੀ।

Leave a Reply

Your email address will not be published. Required fields are marked *