Punjab

ਚੜ੍ਹਾਵਾ ਘਟਣ ਕਾਰਨ SGPC ਮੁਲਾਜ਼ਮਾਂ ਨੂੰ ਭਾਨ (ਸਿੱਕੇ) ਦੇ ਰੂਪ ‘ਚ ਮਿਲ ਰਹੀ ਤਨਖ਼ਾਹ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਨੋਟਾਂ ਦੀ ਬਜਾਏ ਭਾਨ ਦੇ ਝੋਲੇ ਭਰ ਕੇ ਮਹੀਨਾਵਾਰ ਤਨਖਾਹ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੋਰੋਨਾ ਮਹਾਂਮਾਰੀ ਕਰਕੇ ਸ਼ਰਧਾਲੂਆਂ ਨੇ ਗੁਰੂ ਘਰਾਂ ’ਚ ਆਉਣਾ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਰਥਿਕ ਸੰਕਟ ਦਿਨੋਂ – ਦਿਨ ਵੱਧਦਾ ਹੀ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਵੱਖ-ਵੱਖ ਗੁਰਦੁਆਰਿਆਂ ਤੋਂ ਲਗਪਗ 100 ਕਰੋੜ ਰੁਪਏ ਦਾ ਚੜ੍ਹਾਵਾ ਗੋਲਕ, ਕੜਾਹ ਪ੍ਰਸ਼ਾਦਿ ਜਾਂ ਹੋਰ ਸਾਧਨਾਂ ਦੇ ਰੂਪ ਵਿੱਚ ਇਕੱਠਾ ਹੁੰਦਾ ਸੀ, ਉਹ ਹੁਣ ਘਟ ਕੇ ਲੱਖਾਂ ਵਿੱਚ ਵੀ ਨਹੀਂ ਰਹਿ ਗਿਆ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਸੀਮਤ ਸਾਧਨਾਂ ਨਾਲ ਪ੍ਰਬੰਧ ਚਲਾਉਣਾ ਪੈ ਰਿਹਾ ਹੈ।

ਇਸੇ ਕਰਕੇ ਮੁਲਾਜ਼ਮਾਂ ਦੀ ਅਪ੍ਰੈਲ ਦੀ ਤਨਖਾਹ ਦੇਣ ਲਈ ਵੀ ਸ਼੍ਰੋਮਣੀ ਕਮੇਟੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰਕੇ ਕਮੇਟੀ ਦੇ ਖਜ਼ਾਨੇ ’ਚ ਪਈ ਕਰੋੜਾਂ ਰੁਪਏ ਦੀ ਭਾਨ ਨੂੰ ਤਨਖਾਹ ਦੇ ਰੂਪ ਵਿੱਚ ਮੁਲਾਜ਼ਮਾਂ ਨੂੰ ਵੰਡਿਆ ਜਾ ਰਿਹਾ ਹੈ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਚਰਨਕੰਵਲ ਸਾਹਿਬ, ਗੁਰਦੁਆਰਾ ਬਿਭੌਰ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਭੌਰਾ ਸਾਹਿਬ, ਫਤਿਹਗੜ੍ਹ ਸਾਹਿਬ ਸਣੇ 42 ਗੁਰਦੁਆਰਿਆਂ ਵਿਖੇ ਤਾਇਨਾਤ 500 ਦੇ ਕਰੀਬ ਮੁਲਾਜ਼ਮਾਂ ਨੂੰ ਅਪ੍ਰੈਲ ਦੀ ਤਨਖਾਹ ਦੇ ਰੂਪ ਵਿੱਚ ਸਵਾ ਕਰੋੜ ਰੁਪਏ ਦੀ ਭਾਨ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਮੈਨੇਜਰ ਜਸਵੀਰ ਸਿੰਘ ਨੇ ਕੀਤੀ ਹੈ।