ਚੰਡੀਗੜ੍ਹ- ਭਾਰਤ ਨੂੰ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਚੀਨੀ ਸ਼ਹਿਰ ਵੁਹਾਨ ਵਿੱਚ 20 ਫਰਵਰੀ ਨੂੰ ਸੀ-17 ਫ਼ੌਜੀ ਹਵਾਈ ਜਹਾਜ਼ ਭੇਜਣਾ ਸੀ, ਪਰ ਚੀਨ ਵੱਲੋਂ ਮਨਜ਼ੂਰੀ ਨਾ ਮਿਲਣ ਕਾਰਨ ਜਹਾਜ਼ ਉਡਾਣ ਨਹੀਂ ਭਰ ਸਕਿਆ। ਚੀਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲਿਆਉਣ ਅਤੇ ਵੁਹਾਨ ਵਿੱਚ ਰਹਿੰਦੇ ਭਾਰਤੀਆਂ ਨੂੰ ਵਾਪਿਸ ਲਿਜਾਉਣ ਲਈ ਭਾਰਤੀ ਹਵਾਈ ਸੈਨਾ ਦੇ ਜਹਾਜ਼ ਭੇਜਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ‘ਚ ਦੇਰੀ ਕਰ ਰਿਹਾ ਹੈ। ਇੱਕ ਉੱਚ ਪੱਧਰੀ ਸੂਤਰ ਮੁਤਾਬਿਕ, “ਚੀਨ ਜਾਣਬੁੱਝ ਕੇ ਨਾਗਰਿਕਾਂ ਨੂੰ ਕੱਢਣ ਲਈ ਜਹਾਜ਼ ਨੂੰ ਮਨਜ਼ੂਰੀ ਦੇਣ ‘ਚ ਦੇਰੀ ਕਰ ਰਿਹਾ ਹੈ।”

ਚੀਨ ‘ਚ ਜਾਨਲੇਵਾ ਕੋਰੋਨਾ ਵਾਇਰਸ ਨਾਲ 118 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2,345 ਹੋ ਗਈ ਹੈ ਅਤੇ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 76,288 ਤੱਕ ਪੁੱਜ ਗਈ ਹੈ।

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਸਨਿੱਚਰਵਾਰ ਨੂੰ ਦੱਸਿਆ ਕਿ ਮੇਨਲੈਂਡ ਇਲਾਕੇ ‘ਚ ਕੋਰੋਨਾ ਵਾਇਰਸ ਦੇ 397 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇੱਕ ਦਿਨ ਪਹਿਲਾਂ 889 ਕੇਸ ਘੱਟ ਹੋਏ ਸਨ। ਚੀਨ ਦੇ ਹੁਬੇਈ ਸੂਬੇ, ਜੋ ਕਿ ਇਸ ਵਾਇਰਸ ਦਾ ਮੁੱਖ ਕੇਂਦਰ ਹੈ, ਵਿੱਚ 109 ਨਵੀਆਂ ਮੌਤਾਂ ਹੋਈਆਂ ਹਨ, ਜਦਕਿ ਵੁਹਾਨ ‘ਚ ਹੋਰ 90 ਲੋਕਾਂ ਦੀ ਮੌਤ ਹੋਈ ਹੈ। ਉੱਧਰ ਈਰਾਨ ਵਿੱਚ ਕੋਰੋਨਾ ਵਾਇਰਸ ਦੇ 13 ਨਵੇਂ ਮਰੀਜ਼ਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਇਜ਼ਰਾਈਲ ਵਿੱਚ ਵੀ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਰੀਜ਼ ਮਿਲਿਆ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ।

ਜੇਲ੍ਹਾਂ ਵਿੱਚ ਬੰਦ ਕੈਦੀ ਵੀ ਆਏ ਕੋਰੋਨਾਵਾਇਰਸ ਦੀ ਲਪੇਟ ਵਿੱਚ:

ਚੀਨੀ ਜੇਲ੍ਹਾਂ ਵਿੱਚ ਕੋਰੋਨਾ ਵਾਇਰਸ ਦੇ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸੂਬਾ ਸਿਹਤ ਕਮਿਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੂਰਬੀ ਸ਼ੇਂਡੋਂਗ ਸੂਬੇ ਵਿੱਚ ਰੇਨਚੇਂਗ ਜੇਲ੍ਹ ਵਿੱਚ 7 ਗਾਰਡਾਂ ਅਤੇ 200 ਕੈਦੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਇਸ ਤੋਂ ਇਲਾਵਾ ਪੂਰਬੀ ਝੇਜਿਆਂਗ ਸੂਬੇ ਵਿੱਚ ਸ਼ਿਲੀਫੇਂਗ ਜੇਲ੍ਹ ਵਿੱਚ ਵੀ 34 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਪ੍ਰਿੰਸੇਜ਼ ਕਰੂਜ਼ ਸ਼ਿਪ ਤੋਂ ਇੱਥੇ ਪਹੁੰਚੇ ਅਤੇ ਕੋਰੋਨਾ ਨਾਲ ਪੀੜਤ 8 ਭਾਰਤੀਆਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ। ਟੋਕਿਓ ਦੂਤਘਰ ਨੇ ਟਵਿੱਟਰ ‘ਤੇ ਦੱਸਿਆ ਕਿ ਕੋਈ ਨਵਾਂ ਭਾਰਤੀ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਚੀਨ ਤੋਂ ਕੇਰਲ ਵਾਪਸ ਆਏ ਤਿੰਨ ਨਾਗਰਿਕਾਂ ਵਿੱਚ ਕੋਰੋਨਾ ਵਾਇਰਸ ਠੀਕ ਹੋਣ ਤੋਂ ਬਾਅਦ ਦੇਸ਼ ‘ਚ ਇਸ ਖ਼ਤਰਨਾਕ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ।